
11 ਲੋਕਾਂ ਦੀ ਮੌਤ ਅਤੇ 122 ਜ਼ਖ਼ਮੀ
ਚੀਨ: ਚੀਨ ਦੇ ਸਿਚੁਆਨ ਪ੍ਰਾਂਤ ਵਿਚ ਸੋਮਵਾਰ ਰਾਤ ਅਤੇ ਮੰਗਲਵਾਰ ਸਵੇਰੇ ਆਏ ਭੂਚਾਲ ਦੇ ਦੋ ਵੱਡੇ ਝਟਕਿਆਂ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 122 ਜ਼ਖ਼ਮੀ ਹੋ ਗਏ ਹਨ। ਚੀਨੀ ਭੂਚਾਲ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ 6.0 ਦੀ ਤੀਬਰਤਾ ਦਾ ਪਹਿਲਾ ਭੂਚਾਲ ਸੋਮਵਾਰ ਰਾਤ ਸਥਾਨਕ ਸਮਿਆਨੁਸਾਰ 10 ਵਜ ਕੇ 55 ਮਿੰਟ 'ਤੇ ਈਬਿਨ ਸ਼ਹਿਰ ਦੇ ਚਾਂਗਿੰਗ ਇਲਾਕੇ ਵਿਚ ਆਇਆ।
China
ਮੰਗਲਵਾਰ ਸਵੇਰੇ ਰਿਕਟਰ ਪੈਮਾਨੇ 'ਤੇ 5.3 ਦੀ ਤੀਬਰਤਾ ਦਾ ਦੂਜਾ ਝਟਕਾ ਮਹਿਸੂਸ ਕੀਤਾ ਗਿਆ ਹੈ। ਚੀਨ ਦੀ ਅਧਿਕਾਰਿਕ ਸਮਾਚਾਰ ਏਜੰਸੀ ਸ਼ਿਨਹੁਆ ਤੋਂ ਇਕ ਰਾਹਤਕਰਮੀ ਨੇ ਕਿਹਾ ਕਿ ਦੋ ਲੋਕ ਫਸੇ ਹੋਏ ਹਨ। ਉਹਨਾਂ ਵਿਚੋਂ ਇਕ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਸ਼ੁਆਂਓ ਕਸਬੇ ਵਿਚ ਚਾਰ ਲੋਕਾਂ ਨੂੰ ਮਲਬੇ ਚੋਂ ਕੱਢ ਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਈਬਿਨ ਵਿਚ ਲੋਕਾਂ ਨੇ ਦਸਿਆ ਕਿ ਭੂਚਾਲ ਦੇ ਅੱਧੇ ਘੰਟੇ ਬਾਅਦ ਭੂਚਾਲ ਦੇ ਫਿਰ ਤੋਂ ਝਟਕੇ ਮਹਿਸੂਸ ਕੀਤੇ ਗਏ।
ਸੂਬਾਈ ਰਾਜਧਾਨੀ ਚੇਂਗੜੂ ਵਿਚ ਅਗਾਊਂ ਚਿਤਾਵਨੀ ਪ੍ਰਣਾਲੀ ਨੇ ਭੂਚਾਲ ਤੋਂ ਕਰੀਬ ਇਕ ਮਿੰਟ ਪਹਿਲਾਂ ਹੀ ਅਲਾਰਮ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਕਰੀਬ ਇਕ ਮਿੰਟ ਬਾਅਦ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸ਼ਿਨਹੁਆ ਅਨੁਸਾਰ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਅਤੇ ਐਮਰਜੈਂਸੀ ਪ੍ਰਬੰਧਨ ਦੇ ਸੂਬਾਈ ਵਿਭਾਗ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਸਿਚੁਆਨ ਸੂਬਾਈ ਵਿਚ ਫਾਇਰ ਵਿਭਾਗ ਦੀਆਂ 63 ਗੱਡੀਆਂ ਅਤੇ 302 ਬਚਾਅ ਕਰਮੀ ਮੌਕੇ 'ਤੇ ਤੈਨਾਤ ਹਨ। ਈਬਿਨ ਵਿਚ ਵੀ ਸਥਾਨਕ ਫਾਇਰ ਵਿਭਾਗ ਨੇ ਬਚਾਅ ਕਾਰਜ ਲਈ ਅਪਣੇ ਕਰਮਚਾਰੀ ਭੇਜੇ ਹਨ।