
ਸੁਰਜੀਤ ਅਟਵਾਲ ਦੇ ਜਨਮ ਦਿਨ ਮੌਕੇ ਹਰ ਸਾਲ ਮਨਾਇਆ ਜਾਵੇਗਾ ਯਾਦ ਦਿਵਸ
ਬਰਮਿੰਘਮ: ਘਰੇਲੂ ਹਿੰਸਾ ਜਾਂ ਅਖੌਤੀ ‘ਅਣਖ ਖਾਤਰ ਕਤਲ’ ਦੇ ਨਾਂ ’ਤੇ ਅਪਣੀਆਂ ਜਾਨਾਂ ਗੁਆਉਣ ਵਾਲੀਆਂ ਸਿੱਖ ਦੀਆਂ ਔਰਤਾਂ ਨੂੰ ਯਾਦ ਕਰਨ ਲਈ ਇਕ ਬਰਮਿੰਘਮ ’ਚ ਪ੍ਰਦਰਸ਼ਨ ਕੀਤਾ ਗਿਆ।
ਬਰਮਿੰਘਮ ਦੇ ਸੈਂਚੁਰੀ ਸਕੁਏਅਰ ’ਚ ਇਹ ਪ੍ਰਦਰਸ਼ਨ 1998 ’ਚ ਭਾਰਤ ਅੰਦਰ ਮਾਰੀ ਗਈ ਸੁਰਜੀਤ ਅਟਵਾਲ ਦੇ ਜਨਮ ਦਿਨ ਮੌਕੇ ਕੀਤਾ ਗਿਆ।
ਉਸ ਦੇ ਪਤੀ ਅਤੇ ਸੱਸ ਨੂੰ ਉਸ ਦੇ ਕਤਲ ਦਾ ਪ੍ਰਬੰਧ ਕਰਨ ਲਈ ਜੇਲ੍ਹ ਭੇਜ ਦਿਤਾ ਗਿਆ ਸੀ। ਚੈਰਿਟੀ ਸਿੱਖ ਵੂਮੈਨਜ਼ ਏਡ (ਐਸ.ਡਬਲਿਊ.ਏ.) ਨੇ ਕਿਹਾ ਕਿ ਇਹ ਯਾਦ ਦਿਵਸ ਹਰ ਸਾਲ ਮਨਾਇਆ ਜਾਵੇਗਾ।
ਐਸ.ਡਬਲਿਊ.ਏ. ਨੇ ਕਿਹਾ ਹੈ ਕਿ ਉਹ ਅਜਿਹੀਆਂ ਸਿੱਖ ਔਰਤਾਂ ਬਾਰੇ ਜਾਗਰੂਕਤਾ ਪੈਦਾ ਕਰੇਗਾ ਜਿਨ੍ਹਾਂ ‘‘ਘਰੇਲੂ ਅਤੇ ਜਿਨਸੀ ਸ਼ੋਸ਼ਣ ਦੇ ਨਤੀਜੇ ਵਜੋਂ ਕਤਲ ਦਾ ਸ਼ਿਕਾਰ ਹੋਈਆਂ ਜਾਂ ਖੁਦਕੁਸ਼ੀ ਕਰ ਲਈ’’ ਅਤੇ ਜੋ ‘ਅਖੌਤੀ ਅਣਖ ਖਾਤਰ ਕਤਲ’ ਵਰਗੇ ਹੋਰ ਭਿਆਨਕ ਵਾਰਦਾਤਾਂ ਵਿਚ ਮਾਰੀਆਂ ਗਈਆਂ ਸਨ।
ਚੈਰਿਟੀ ਦੇ ਸਾਹਦਿਸ਼ ਪਾਲ ਨੇ ਕਿਹਾ, ‘‘ਇਹ ਕੋਈ ਅਜਿਹਾ ਵਿਸ਼ਾ ਨਹੀਂ ਹੈ ਜਿਸ ਬਾਰੇ ਸਾਡੇ ਭਾਈਚਾਰੇ ’ਚ ਬਹੁਤ ਜ਼ਿਆਦਾ ਚਰਚਾ ਕੀਤੀ ਜਾਂਦੀ ਹੈ। ਇਹ ਕਾਫ਼ੀ ਵਰਜਿਤ ਵਿਸ਼ਾ ਹੈ। ਇਸ ਨੂੰ ਖੂੰਜੇ ’ਚ ਲੁਕਾ ਦਿਤਾ ਜਾਂਦਾ ਹੈ ਅਤੇ ਅੱਜ ਇਸਨੂੰ ਸਭ ਤੋਂ ਅੱਗੇ ਲਿਆਉਣਾ ਚਾਹੁੰਦੇ ਹਾਂ।’’
ਉਨ੍ਹਾਂ ਕਿਹਾ, ‘‘ਪਹਿਲਾਂ ਸਾਨੂੰ ਸਭ ਨੂੰ ਇਹ ਸਵੀਕਾਰ ਕਰਨ ਦੀ ਲੋੜ ਹੈ ਕਿ ਇਹ ਅਪਰਾਧ ਹੋ ਰਹੇ ਹਨ, ਅਤੇ ਦੂਜਾ ਸਾਨੂੰ ਇਸ ਬਾਰੇ ਕੁਝ ਕਰਨ ਦੀ ਲੋੜ ਹੈ।’’
‘‘ਸਾਨੂੰ ਅਪਣੀਆਂ ਔਰਤਾਂ ’ਤੇ ਕੀਤੇ ਜਾ ਰਹੇ ਇਸ ਜ਼ੁਲਮ ਅਤੇ ਦੁਰਵਿਵਹਾਰ ਨੂੰ ਚੁਣੌਤੀ ਦੇਣੀ ਪਏਗੀ, ਕਿਉਂਕਿ ਸਾਡੀਆਂ ਜਾਨਾਂ ਬਚਾਉਣ ਦਾ ਇਹੀ ਇਕੋ-ਇਕ ਤਰੀਕਾ ਹੈ।’’
ਐਸ.ਡਬਲਿਊ.ਏ., ਜਿਸ ਦੀ ਇਕ ਕੌਮੀ ਪੀੜਤ ਸਹਾਇਤਾ ਸੇਵਾ ਵੀ ਹੈ, ਵੈਸਟ ਮਿਡਲੈਂਡਜ਼ ਵਿਚ ਸਿੱਖ ਭਾਈਚਾਰੇ ਦੀਆਂ ਔਰਤਾਂ ਦੁਆਰਾ ਸਥਾਪਤ ਇਕ ਕਮਿਊਨਿਟੀ-ਆਧਾਰਿਤ ਸੰਸਥਾ ਹੈ।
27 ਸਾਲਾਂ ਦੀ ਸੁਰਜੀਤ ਅਟਵਾਲ ਮੂਲ ਰੂਪ ’ਚ ਕੋਵੈਂਟਰੀ ਦੀ ਰਹਿਣ ਵਾਲੀ ਸੀ, ਜਿਸ ਨੂੰ 1998 ’ਚ ਪੰਜਾਬ ਦੀ ਯਾਤਰਾ ਦੌਰਾਨ ‘ਅਖੌਤੀ ਅਣਖ ਖਾਤਰ’ ਕਤਲ ਕਰ ਦਿਤਾ ਗਿਆ ਸੀ। ਪਛਮੀ ਲੰਡਨ ਦੇ ਹੇਜ਼ ਤੋਂ ਉਸ ਦੀ ਸੱਸ ਬਚਨ ਅਟਵਾਲ, ਅਤੇ ਪਤੀ ਸੁਖਦੇਵ ਅਟਵਾਲ 2007 ਤੋਂ ਜੇਲ੍ਹ ਵਿਚ ਬੰਦ ਹਨ।