ਐਮਰਜੈਂਸੀ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੀਟਿੰਗ ਬੁਲਾਈ
ਕੈਨੇਡਾ ਦੇ ਜੰਗਲਾਂ ਵਿਚ ਇਕ ਵਾਰ ਫਿਰ ਅੱਗ ਲੱਗ ਗਈ ਹੈ। ਯੈਲੋਨਾਈਫ ਸ਼ਹਿਰ ਦੇ ਸਾਰੇ 20,000 ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂ 'ਤੇ ਜਾਣ ਦਾ ਹੁਕਮ ਦਿਤਾ ਗਿਆ ਹੈ। ਇਸ ਦੌਰਾਨ ਫਾਇਰ ਬ੍ਰਿਗੇਡ ਯੈਲੋਨਾਈਫ ਕਸਬੇ ਤੋਂ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਨੇਡਾ ਵਿਚ ਇਸ ਸਾਲ ਦੀ ਸਭ ਤੋਂ ਘਾਤਕ ਜੰਗਲੀ ਅੱਗ ਵਿਚੋਂ ਇਕ ਹੈ।
ਦੇਸ਼ ਵਿਚ 1 ਹਜ਼ਾਰ ਤੋਂ ਵੱਧ ਅੱਗ ਸਰਗਰਮ ਹੈ ਜੋ ਲਗਭਗ 265 ਖੇਤਰਾਂ ਵਿਚ ਫੈਲੀ ਹੋਈ ਹੈ। ਕੈਨੇਡਾ ਵਿੱਚ ਇਸ ਸਾਲ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਕਰੀਬ 1.34 ਲੱਖ ਵਰਗ ਕਿਲੋਮੀਟਰ ਦਾ ਇਲਾਕਾ ਸੜ ਗਿਆ ਹੈ। ਇਹ ਹਰ 10 ਸਾਲਾਂ ਵਿਚ ਸੜਨ ਵਾਲੇ ਖੇਤਰ ਨਾਲੋਂ ਲਗਭਗ 6 ਗੁਣਾ ਵੱਧ ਹੈ। ਇਸ ਸੀਜ਼ਨ 'ਚ ਹੁਣ ਤੱਕ ਲਗਭਗ 2 ਲੱਖ ਲੋਕਾਂ ਨੂੰ ਕਿਸੇ ਨਾ ਕਿਸੇ ਸਮੇਂ ਜੰਗਲਾਂ 'ਚ ਲੱਗੀ ਅੱਗ ਕਾਰਨ ਆਪਣਾ ਘਰ ਛੱਡਣਾ ਪਿਆ ਹੈ।
ਸ਼ਹਿਰ ਦੀ ਮੇਅਰ ਰੇਬੇਕਾ ਨੇ ਕਿਹਾ ਕਿ ਵਿਸ਼ੇਸ਼ ਟੀਮਾਂ ਅੱਗ ਨੂੰ ਫੈਲਣ ਤੋਂ ਰੋਕਣ ਲਈ ਸ਼ਹਿਰ ਦੇ ਨੇੜੇ ਦਰੱਖਤਾਂ ਨੂੰ ਕੱਟ ਰਹੀਆਂ ਹਨ। ਅੱਗ ਫਿਲਹਾਲ ਸ਼ਹਿਰ ਦੇ ਉੱਤਰ-ਪੱਛਮੀ ਖੇਤਰ ਤੋਂ ਲਗਭਗ 15 ਕਿਲੋਮੀਟਰ ਦੂਰ ਹੈ। ਜੇਕਰ ਬਾਰਸ਼ ਨਹੀਂ ਹੁੰਦੀ ਹੈ ਤਾਂ ਸ਼ਨੀਵਾਰ ਤੱਕ ਇਸ ਦੇ ਬਾਹਰੀ ਇਲਾਕਿਆਂ 'ਚ ਪਹੁੰਚਣ ਦੀ ਉਮੀਦ ਹੈ।
ਐਮਰਜੈਂਸੀ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਘਟਨਾ ਪ੍ਰਤੀਕਿਰਿਆ ਸਮੂਹ ਦੀ ਮੀਟਿੰਗ ਬੁਲਾਈ। ਇਸ ਸਮੂਹ ਵਿੱਚ ਸੀਨੀਅਰ ਅਧਿਕਾਰੀਆਂ ਅਤੇ ਮੰਤਰੀਆਂ ਨੇ ਸ਼ਮੂਲੀਅਤ ਕੀਤੀ। ਵੀਰਵਾਰ ਨੂੰ ਲੋਕਾਂ ਨੂੰ ਅਲਬਰਟਾ ਲਿਜਾਣ ਲਈ 5 ਫਲਾਈਟਾਂ ਨੇ ਉਡਾਣ ਭਰੀ। ਸਥਾਨਕ ਹਾਈ ਸਕੂਲ ਦੇ ਬਾਹਰ ਸੈਂਕੜੇ ਲੋਕ ਉਨ੍ਹਾਂ ਦੀ ਉਡੀਕ ਕਰਦੇ ਦੇਖੇ ਗਏ।