
ਵੰਡ ਪਾਓ ਅਤੇ ਰਾਜ ਕਰੋ ਦੀ ਨੀਤੀ ਅਪਣਾ ਰਿਹੈ ਅਮਰੀਕਾ : ਨਿਖਿਲ ਗੁਪਤਾ, ਭਾਰਤ ਸਰਕਾਰ ਤੋਂ ਸਹਾਇਤਾ ਦੀ ਕੀਤੀ ਬੇਨਤੀ
ਵੱਖਵਾਦੀ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਸ਼ ਰਚਣ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਅਮਰੀਕਾ ਦੀ ਇਕ ਜੇਲ ’ਚ ਹਿਰਾਸਤ ਅਧੀਨ ਬੰਦ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ‘ਦਿ ਸੰਡੇ ਗਾਰਡੀਅਨ‘ ਨਾਲ ਇਕ ਵਿਸ਼ੇਸ਼ ਇੰਟਰਵਿਊ ’ਚ ਅਪਣੀ ‘ਬੁਰੀ ਹਾਲਤ’ ਬਾਰੇ ਗੱਲ ਕੀਤੀ ਹੈ। ਗੁਪਤਾ ਦਾ ਦਾਅਵਾ ਹੈ ਕਿ ਉਸ ਨੂੰ ਭਾਰਤ ਨੂੰ ਬਦਨਾਮ ਕਰਨ ਦੇ ਵੱਡੇ ਏਜੰਡੇ ’ਚ ਇਕ ਮੋਹਰੇ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਅਮਰੀਕੀ ਜੇਲ੍ਹ ’ਚ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਹੈ।
ਗੁਪਤਾ ਨੂੰ ਪਿਛਲੇ ਸਾਲ ਜੂਨ ’ਚ ਐਫ਼.ਬੀ.ਆਈ. ਨੇ ਚੈੱਗ ਗਣਰਾਜ ਦੇ ਪ੍ਰਾਗ ’ਚ ਹਿਰਾਸਤ ’ਚ ਲਿਆ ਸੀ ਅਤੇ ਨਿਊਯਾਰਕ ਹਵਾਲੇ ਕਰ ਦਿਤਾ ਸੀ। ਉਸ ਨੇ ਖ਼ੁਦ ਦੇ ਬੇਕਸੂਰ ਹੋਣ ਦੀ ਗੱਲ ਕਹੀ ਹੈ ਅਤੇ ਅਪਣੀ ਬੇਗੁਨਾਹੀ ਨੂੰ ਕਾਇਮ ਰੱਖਦਿਆਂ ਕਿਹਾ ਹੈ ਕਿ ਉਹ ਕਦੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਨਹੀਂ ਰਿਹਾ। ਅਮਰੀਕੀ ਅਧਿਕਾਰੀਆਂ ਵਲੋਂ ਉਸ ਵਿਰੁਧ ਝੂਠਾ ਕੇਸ ਘੜਨ ਦਾ ਦੋਸ਼ ਲਾਉਂਦਿਆਂ ਉਸ ਨੇ ਕਿਹਾ, ‘‘ਉਨ੍ਹਾਂ ਨੇ ਕਈ ਵਾਰ ਕਹਾਣੀ ਬਦਲੀ ਹੈ ਅਤੇ ਝੂਠਾ ਇਕਬਾਲੀਆ ਬਿਆਨ ਕੱਢਣ ਲਈ ‘ਗੰਦੀਆਂ ਖੇਡਾਂ‘ ਦੀ ਵਰਤੋਂ ਕਰ ਰਹੇ ਹਨ।’’
ਉਸ ਨੇ ਕਿਹਾ, ‘‘ਮੇਰੇ ਵਿਰੁਧ ਕੋਈ ਅਸਲ ਕੇਸ ਨਹੀਂ ਹੈ। ਇਹ ਸੱਭ ਮਨਘੜਤ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਇਹ ਸਿਰਫ ਭਾਰਤ ਦੀਆਂ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਸੀ। ਅਮਰੀਕਾ ਨੇ ‘ਵੰਡੋ ਅਤੇ ਰਾਜ ਕਰੋ‘ ਦੀ ਰਣਨੀਤੀ ਦੀ ਵਰਤੋਂ ਕਰਦਿਆਂ ਇਕ ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਭਾਰਤ ਦੀ ਇਸ ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਅਤੇ ਅਮਰੀਕਾ ਵਿਚ ਵੀ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸਿੱਖ ਭਾਈਚਾਰਾ ਇੱਥੇ ਵੀ ਕਾਫ਼ੀ ਵੱਡਾ ਅਤੇ ਪ੍ਰਭਾਵਸ਼ਾਲੀ ਹੈ।’’
ਗੁਪਤਾ ਨੇ ਐਮ.ਡੀ.ਸੀ. ਬਰੂਕਲਿਨ ਜੇਲ ਦੀ ਮਾੜੀ ਸੁਰੱਖਿਆ ਸਥਿਤੀਆਂ, ਕੈਦੀਆਂ ’ਤੇ ਹਮਲਿਆਂ ਅਤੇ ਕਾਨੂੰਨੀ ਸਹਾਇਤਾ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਸਖਤ ਹਾਲਾਤ ਦਾ ਵਰਣਨ ਕੀਤਾ, ਜਿੱਥੇ ਉਸ ਨੂੰ ਰੱਖਿਆ ਗਿਆ ਹੈ। ਉਸ ਨੇ ਅਪਣੇ ਪਰਵਾਰ ਦੀ ਤੰਦਰੁਸਤੀ ਅਤੇ ਭਾਰਤੀ ਨੌਕਰਸ਼ਾਹੀ ਵਲੋਂ ਤਿਆਗਿਆ ਹੋਇਆ ਮਹਿਸੂਸ ਕਰਨ ਲਈ ਚਿੰਤਾ ਜ਼ਾਹਰ ਕਰਦਿਆਂ ਭਾਰਤ ਸਰਕਾਰ ਤੋਂ ਸਹਾਇਤਾ ਦੀ ਬੇਨਤੀ ਕੀਤੀ ਹੈ। ਗੁਪਤਾ ਨੇ ਕਹਿਾ ਕਿ ਉਨ੍ਹਾਂ ਨੂੰ ਭਾਰਤ ਨੂੰ ਬਦਨਾਮ ਕਰਨ ਲਈ ‘ਗਲੋਬਲ ਟੂਲ’ ਵਜੋਂ ਵਰਤਿਆ ਜਾ ਰਿਹਾ ਹੈ। ਅਮਰੀਕੀ ਅਦਾਲਤ ’ਚ ਇਸ ਮਾਮਲੇ ਦੀ ਸੁਣਵਾਈ 13 ਸਤੰਬਰ ਨੂੰ ਹੋਣੀ ਹੈ।