
ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ‘ਚੇਨ ਆਧਾਰਤ ਪ੍ਰਵਾਸ’ ਨੂੰ ਖਤਮ ਕਰਨ ਦੀ ਲੋੜ ਹੈ।
ਵਾਸ਼ਿੰਗਟਨ - ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਭਾਰਤੀ ਅਮਰੀਕੀ ਉਦਯੋਗਪਤੀ ਅਤੇ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਵਾਅਦਾ ਕਰਦੇ ਹੋਏ ਕਿਹਾ ਕਿ ਜੇਕਰ ਉਹ ਸੱਤਾ ’ਚ ਆਉਂਦੇ ਹਨ ਤਾਂ ‘ਐੱਚ-1ਬੀ ਵੀਜ਼ਾ ਪ੍ਰੋਗਰਾਮ’ ਨੂੰ ਖਤਮ ਕਰ ਦੇਣਗੇ। ਐੱਚ-1ਬੀ ਵੀਜ਼ਾ ਨੂੰ ਬੰਧੂਆ ਗੁਲਾਮੀ ਦੱਸਦੇ ਹੋਏ, ਰਾਮਾਸਵਾਮੀ ਨੇ ‘ਅਸਲ ਯੋਗਤਾ’ ਦੇ ਆਧਾਰ ’ਤੇ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ’ਚ ਦਾਖਲ ਹੋਣ ਦੀ ਇਜਾਜ਼ਤ ਦੇਣ ਦੀ ਵਕਾਲਤ ਕੀਤੀ।
ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ‘ਚੇਨ ਆਧਾਰਤ ਪ੍ਰਵਾਸ’ ਨੂੰ ਖਤਮ ਕਰਨ ਦੀ ਲੋੜ ਹੈ। ਰਾਮਾਸਵਾਮੀ ਦੇ ਇਸ ਐਲਾਨ ਨੂੰ ਭਾਰਤੀਆਂ ਲਈ ਬੇਹੱਦ ਦੁਖ਼ਦ ਮੰਨਿਆ ਜਾ ਰਿਹਾ ਹੈ। ਰਾਮਾਸਵਾਮੀ ਨੇ ਕਿਹਾ ਕਿ ‘ਲਾਟਰੀ ਸਿਸਟਮ’ ਬੰਧੂਆ ਗੁਲਾਮੀ ਦਾ ਇਕ ਰੂਪ ਹੈ, ਜੋ ਸਿਰਫ਼ H-1B ਪ੍ਰਵਾਸੀਆਂ ਨੂੰ ਸਪਾਂਸਰ ਕਰਨ ਵਾਲੀ ਕੰਪਨੀ ਨੂੰ ਲਾਭ ਪਹੁੰਚਾਉਂਦਾ ਹੈ, ਜਦਕਿ ਬਾਕੀ ਸਾਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ਖ਼ਤਮ ਦੇਵਾਂਗਾ।
ਰਾਮਾਸਵਾਮੀ ਨੇ ਕਿਹਾ ਕਿ ਪਰਿਵਾਰ ਦੇ ਮੈਂਬਰ ਵਜੋਂ ਆਉਣ ਵਾਲੇ ਲੋਕ ਯੋਗਤਾ-ਆਧਾਰਤ ਪ੍ਰਵਾਸੀ ਨਹੀਂ ਹੁੰਦੇ, ਜਿਸ ਕਾਰਨ ਉਨ੍ਹਾਂ ਦਾ ਅਮਰੀਕਾ ਵਿਚ ਕੋਈ ਹੁਨਰ-ਆਧਾਰਤ ਯੋਗਦਾਨ ਨਹੀਂ ਹੁੰਦਾ। ਰਾਮਾਸਵਾਮੀ ਇਹ ਵੀ ਕਹਿ ਚੁੱਕੇ ਹਨ ਕਿ ਉਹ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਦੇ ਅਮਰੀਕਾ ਵਿਚ ਜਨਮੇ ਬੱਚਿਆਂ ਨੂੰ ਡਿਪੋਰਟ ਕਰ ਦੇਣਗੇ।
H-1B ਇਕ ਗੈਰ-ਪ੍ਰਵਾਸੀ ਵੀਜ਼ਾ ਹੈ, ਜਿਸ ਦੀ ਭਾਰਤ ਵਿਚ ਬਹੁਤ ਜ਼ਿਆਦਾ ਮੰਗ ਹੈ। ਇਹ ਅਮਰੀਕੀ ਕੰਪਨੀਆਂ ਨੂੰ ਉਨ੍ਹਾਂ ਕਿੱਤਿਆਂ ਵਿਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਲਈ ਕੁਝ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਵਿੱਤੀ ਸਾਲ 2021 ਲਈ ਯੂ. ਐੱਸ. ਕਾਰੋਬਾਰੀਆਂ ਨੇ 85,000 ਉਪਲਬਧ ਸਲਾਟਾਂ ਲਈ 780,884 ਅਰਜ਼ੀਆਂ ਜਮ੍ਹਾ ਕੀਤੀਆਂ, ਜੋ 60 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੈ। ਇਸ ਸਾਲ ਦੇ ਸ਼ੁਰੂ ਵਿਚ ਅਮਰੀਕਾ ਵਿਚ ਉੱਚ-ਕੁਸ਼ਲ ਕਰਮਚਾਰੀਆਂ ਦੀ ਪੂਰਤੀ ਲਈ ਤਿਆਰ ਕੀਤੇ ਗਏ H-1B ਵੀਜ਼ਾ ਪ੍ਰੋਗਰਾਮ ਵਿਚ ਸੁਧਾਰ ਅਤੇ ਕਮੀਆਂ ਨੂੰ ਦੂਰ ਕਰਨ ਲਈ ਅਮਰੀਕੀ ਸੈਨੇਟ ਵਿਚ ਦੋ-ਪੱਖੀ ਕਾਨੂੰਨ ਪੇਸ਼ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਸਾਲ ਜੂਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਵੀ ਇਹ ਮੁੱਦਾ ਚਰਚਾ ’ਚ ਆਇਆ ਸੀ। ਪੀ. ਐੱਮ. ਮੋਦੀ ਅਤੇ ਰਾਸ਼ਟਰਪਤੀ ਜੋ ਬਾਈਡੇਨ ਵਿਚਾਲੇ ਮੁਲਾਕਾਤ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਉਹ ਬਹੁਤ ਸਾਰੇ ਭਾਰਤੀਆਂ ਲਈ ਐੱਚ-1ਬੀ ਵੀਜ਼ਾ ਨਵਿਆਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ‘ਅਮਰੀਕਾ ਦੇ ਅੰਦਰ ਨਵਿਆਉਣਯੋਗ’ ਐੱਚ-1ਬੀ ਵੀਜ਼ਾ ਪੇਸ਼ ਕਰਨਗੇ। ਪੀ. ਐੱਮ. ਮੋਦੀ ਨੇ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਸੰਬੋਧਨ ’ਚ ਕਿਹਾ ਸੀ ਕਿ ਹੁਣ ਇਹ ਫ਼ੈਸਲਾ ਲਿਆ ਗਿਆ ਹੈ ਕਿ ਐੱਚ-1ਬੀ ਵੀਜ਼ਾ ਸਿਰਫ ਅਮਰੀਕਾ ’ਚ ਹੀ ਰੀਨਿਊ ਕੀਤਾ ਜਾ ਸਕਦਾ ਹੈ।