ਅਮਰੀਕਾ ਮੁਤਾਬਕ ਪਾਕਿਸਤਾਨ ਵਿਚ ਅਤਿਵਾਦ, ਅਗ਼ਵਾ ਅਤੇ ਹਿੰਸਕ ਅਪਰਾਧਾਂ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਹੈ।
ਵਾਸ਼ਿੰਗਟਨ: ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਬਚਣ ਦੀ ਸਖ਼ਤ ਹਦਾਇਤ ਦਿਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਨੂੰ ਲੈਵਲ-3: ਰੀ-ਕੰਸੀਡਰ ਟਰੈਵਲ (ਯਾਤਰਾ ’ਤੇ ਮੁੜ ਵਿਚਾਰ ਕਰੋ) ਦੀ ਸ਼੍ਰੇਣੀ ਵਿਚ ਰਖਿਆ ਹੈ। ਅਮਰੀਕਾ ਮੁਤਾਬਕ ਪਾਕਿਸਤਾਨ ਵਿਚ ਅਤਿਵਾਦ, ਅਗ਼ਵਾ ਅਤੇ ਹਿੰਸਕ ਅਪਰਾਧਾਂ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਹੈ।
ਜਾਰੀ ਕੀਤੀ ਗਈ ਨਵੀਂ ਐਡਵਾਈਜ਼ਰੀ ਵਿਚ ਚੇਤਾਵਨੀ ਦਿਤੀ ਗਈ ਹੈ ਕਿ ਪਾਕਿਸਤਾਨ ਵਿਚ ਅਤਿਵਾਦੀ ਹਮਲੇ ਕਿਸੇ ਵੀ ਸਮੇਂ ਬਿਨਾਂ ਕਿਸੇ ਚੇਤਾਵਨੀ ਦੇ ਹੋ ਸਕਦੇ ਹਨ। ਅਤਿਵਾਦੀਆਂ ਦੇ ਨਿਸ਼ਾਨੇ ’ਤੇ ਮੁੱਖ ਤੌਰ ’ਤੇ ਟਰਾਂਸਪੋਰਟ ਹੱਬ, ਹੋਟਲ, ਬਾਜ਼ਾਰ, ਸ਼ਾਪਿੰਗ ਮਾਲ, ਸਰਕਾਰੀ ਇਮਾਰਤਾਂ, ਸਕੂਲ, ਹਸਪਤਾਲ, ਧਾਰਮਕ ਸਥਾਨ, ਸੈਰ-ਸਪਾਟਾ ਕੇਂਦਰ, ਮਿਲਟਰੀ ਅਤੇ ਸੁਰੱਖਿਆ ਸਥਾਪਨਾਵਾਂ ਸ਼ਾਮਲ ਹਨ।
ਅਮਰੀਕਾ ਨੇ ਪਾਕਿਸਤਾਨ ਦੇ ਕੱੁਝ ਹਿੱਸਿਆਂ ਖ਼ਾਸ ਕਰ ਕੇ ਖ਼ੈਬਰ ਪਖ਼ਤੂਨਖਵਾ ਦੇ ਇਲਾਕਿਆਂ ਲਈ ਲੈਵਲ-4: ਡੂ ਨਾਟ ਟਰੈਵਲ ਦੀ ਚੇਤਾਵਨੀ ਜਾਰੀ ਕੀਤੀ ਹੈ। ਇਹ ਸੱਭ ਤੋਂ ਉੱਚੇ ਪੱਧਰ ਦੀ ਚੇਤਾਵਨੀ ਹੈ। ਅਮਰੀਕੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਇਲਾਕਿਆਂ ਵਿਚ ਕਿਸੇ ਵੀ ਕੀਮਤ ’ਤੇ ਨਾ ਜਾਣ, ਕਿਉਂਕਿ ਇਥੇ ਕਤਲ ਅਤੇ ਅਗ਼ਵਾ ਦੀਆਂ ਘਟਨਾਵਾਂ ਬੇਹੱਦ ਆਮ ਹਨ। ਇਹ ਚੇਤਾਵਨੀ ਸਾਰੇ ਅਮਰੀਕੀ ਨਾਗਰਿਕਾਂ ’ਤੇ ਲਾਗੂ ਹੁੰਦੀ ਹੈ, ਜਿਸ ਵਿਚ ਪਾਕਿਸਤਾਨੀ ਮੂਲ ਦੇ ਲੋਕ ਵੀ ਸ਼ਾਮਲ ਹਨ। (ਏਜੰਸੀ)
