ਹਿਜ਼ਬੁੱਲਾ ਵਲੋਂ ਵਰਤੀ ਗਈ ਵਾਕੀ-ਟਾਕੀ ’ਚ ਹੋਇਆ ਧਮਾਕਾ, ਬੈਰੂਤ ਤਕ ਸੁਣੀ ਗਈ ਆਵਾਜ਼
ਬੇਰੂਤ : ਲੇਬਨਾਨ ’ਚ ਪੇਜਰ ਧਮਾਕਿਆਂ ’ਚ ਮਾਰੇ ਗਏ ਕੱਟੜਪੰਥੀ ਗਰੁੱਪ ਹਿਜ਼ਬੁੱਲਾ ਦੇ ਤਿੰਨ ਮੈਂਬਰਾਂ ਅਤੇ ਇਕ ਬੱਚੇ ਦੇ ਜਨਾਜ਼ੇ ਦੌਰਾਨ ਬੁਧਵਾਰ ਨੂੰ ਕਈ ਧਮਾਕੇ ਹੋਏ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਦਸਿਆ ਕਿ ਉਪਕਰਣਾਂ ’ਚ ਧਮਾਕੇ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 300 ਹੋਰ ਜ਼ਖਮੀ ਹੋ ਗਏ।
ਹਿਜ਼ਬੁੱਲਾ ਵਲੋਂ ਸੰਚਾਲਿਤ ਅਲ-ਮਨਾਰ ਟੀ.ਵੀ. ਨੇ ਦਸਿਆ ਕਿ ਧਮਾਕਿਆਂ ਨੇ ਲੇਬਨਾਨ ਦੇ ਵੱਖ-ਵੱਖ ਇਲਾਕਿਆਂ ਨੂੰ ਹਿਲਾ ਕੇ ਰੱਖ ਦਿਤਾ। ਹਿਜ਼ਬੁੱਲਾ ਦੇ ਇਕ ਅਧਿਕਾਰੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਸਮੂਹ ਵਲੋਂ ਵਰਤੀ ਗਈ ਵਾਕੀ-ਟਾਕੀ ’ਚ ਧਮਾਕਾ ਹੋਇਆ ਅਤੇ ਬੈਰੂਤ ’ਚ ਇਸ ਦੀ ਆਵਾਜ਼ ਸੁਣੀ ਗਈ।
ਇਹ ਧਮਾਕੇ ਅਜਿਹੇ ਸਮੇਂ ਹੋਏ ਹਨ ਜਦੋਂ ਮੰਗਲਵਾਰ ਨੂੰ ਦੇਸ਼ ਭਰ ਵਿਚ ਹੋਏ ਲੜੀਵਾਰ ਧਮਾਕਿਆਂ ਤੋਂ ਬਾਅਦ ਲੇਬਨਾਨ ਵਿਚ ਭਰਮ ਅਤੇ ਗੁੱਸਾ ਹੈ। ਲੇਬਨਾਨ ਅਤੇ ਸੀਰੀਆ ਦੇ ਕੁੱਝ ਹਿੱਸਿਆਂ ’ਚ ਹਿਜ਼ਬੁੱਲਾ ਦੇ ਮੈਂਬਰਾਂ ਵਲੋਂ ਵਰਤੇ ਗਏ ਸੈਂਕੜੇ ਪੇਜਰ ਧਮਾਕਿਆਂ ’ਚ ਦੋ ਬੱਚਿਆਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 2,800 ਹੋਰ ਜ਼ਖਮੀ ਹੋ ਗਏ।