
ਬ੍ਰਾਜ਼ੀਲ ’ਚ ਭਾਰਤੀ ਮੂਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਤਰਾਂ ਦੇ ਉਚਾਰਣ ਨਾਲ ਸਵਾਗਤ ਕੀਤਾ
ਰੀਓ ਡੀ ਜਨੇਰੀਓ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਵਿਸ਼ਵੀ ਸੰਘਰਸ਼ਾਂ ਕਾਰਨ ਖੁਰਾਕ, ਈਂਧਨ ਅਤੇ ਖਾਦ ਸੰਕਟ ਸੱਭ ਤੋਂ ਵੱਧ ਪ੍ਰਭਾਵਤ ਦੇਸ਼ ਗਲੋਬਲ ਸਾਊਥ ’ਚ ਹਨ ਅਤੇ ਜੀ-20 ਨੂੰ ਇਸ ਦਾ ਹੱਲ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਜੀ-20 ਸਿਖਰ ਸੰਮੇਲਨ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਭਾਰਤ ’ਚ ਹੋਏ ਜੀ-20 ਸਿਖਰ ਸੰਮੇਲਨ ਦਾ ਵਿਸ਼ਾ ‘ਇਕ ਧਰਤੀ, ਇਕ ਪਰਵਾਰ, ਇਕ ਭਵਿੱਖ’ ਇਸ ਸਿਖਰ ਸੰਮੇਲਨ ’ਚ ਵੀ ਓਨਾ ਹੀ ਪ੍ਰਸੰਗਿਕ ਹੈ, ਜਿੰਨਾ ਪਿਛਲੇ ਸਾਲ ਸੀ।
ਉਨ੍ਹਾਂ ਕਿਹਾ, ‘‘ਮੈਂ ਇਹ ਕਹਿਣਾ ਚਾਹਾਂਗਾ ਕਿ ਗਲੋਬਲ ਸਾਊਥ ਦੇ ਦੇਸ਼ ਵਿਸ਼ਵ ਵਿਆਪੀ ਟਕਰਾਅ ਕਾਰਨ ਭੋਜਨ, ਬਾਲਣ ਅਤੇ ਖਾਦ ਸੰਕਟ ਤੋਂ ਸੱਭ ਤੋਂ ਵੱਧ ਪ੍ਰਭਾਵਤ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਾਡੀ ਗੱਲਬਾਤ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਅਸੀਂ ਗਲੋਬਲ ਸਾਊਥ ਦੀਆਂ ਚੁਨੌਤੀਆਂ ਅਤੇ ਤਰਜੀਹਾਂ ਨੂੰ ਧਿਆਨ ’ਚ ਰੱਖੀਏ।’’ ‘ਗਲੋਬਲ ਸਾਊਥ’ ਕਮਜ਼ੋਰ ਜਾਂ ਵਿਕਾਸਸ਼ੀਲ ਦੇਸ਼ਾਂ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਇਹ ਟਿਪਣੀਆਂ ਜੀ-20 ਸੈਸ਼ਨ ’ਚ ‘ਸਮਾਜਕ ਸ਼ਮੂਲੀਅਤ ਅਤੇ ਭੁੱਖਮਰੀ ਅਤੇ ਗਰੀਬੀ ਨਾਲ ਲੜਨ‘ ਵਿਸ਼ੇ ’ਤੇ ਕੀਤੀਆਂ। ਮੋਦੀ ਨੇ ਗਲੋਬਲ ਸ਼ਾਸਨ ਸੰਸਥਾਵਾਂ ’ਚ ਸੁਧਾਰ ਦਾ ਵੀ ਸੱਦਾ ਦਿਤਾ। ਉਨ੍ਹਾਂ ਕਿਹਾ, ‘‘ਜਿਸ ਤਰ੍ਹਾਂ ਅਸੀਂ ਨਵੀਂ ਦਿੱਲੀ ਸਿਖਰ ਸੰਮੇਲਨ ਦੌਰਾਨ ਅਫਰੀਕੀ ਯੂਨੀਅਨ ਨੂੰ ਜੀ-20 ਦੀ ਸਥਾਈ ਮੈਂਬਰਸ਼ਿਪ ਦੇ ਕੇ ‘ਗਲੋਬਲ ਸਾਊਥ‘ ਦੀ ਆਵਾਜ਼ ਦਿਤੀ ਸੀ, ਉਸੇ ਤਰ੍ਹਾਂ ਅਸੀਂ ਗਲੋਬਲ ਸ਼ਾਸਨ ਸੰਸਥਾਵਾਂ ’ਚ ਸੁਧਾਰ ਕਰਾਂਗੇ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ‘ਭੁੱਖ ਅਤੇ ਗਰੀਬੀ ਵਿਰੁਧ ਗਲੋਬਲ ਗਠਜੋੜ’ ਲਈ ਬ੍ਰਾਜ਼ੀਲ ਦੀ ਪਹਿਲ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ’ਚ ਜੀ-20 ਸਿਖਰ ਸੰਮੇਲਨ ’ਚ ਲਏ ਗਏ ਲੋਕ-ਕੇਂਦਰਿਤ ਫੈਸਲਿਆਂ ਨੂੰ ਬ੍ਰਾਜ਼ੀਲ ਦੀ ਪ੍ਰਧਾਨਗੀ ਦੌਰਾਨ ਅੱਗੇ ਵਧਾਇਆ ਗਿਆ।
ਉਨ੍ਹਾਂ ਕਿਹਾ, ‘‘ਇਹ ਬਹੁਤ ਸੰਤੁਸ਼ਟੀ ਦੀ ਗੱਲ ਹੈ ਕਿ ਅਸੀਂ ਐਸ.ਡੀ.ਜੀ. ਨੂੰ ਤਰਜੀਹ ਦਿਤੀ ਹੈ। ਅਸੀਂ ਸਮਾਵੇਸ਼ੀ ਵਿਕਾਸ, ਔਰਤਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਯੁਵਾ ਸ਼ਕਤੀ ’ਤੇ ਧਿਆਨ ਕੇਂਦਰਿਤ ਕੀਤਾ। ਅਤੇ ‘ਗਲੋਬਲ ਸਾਊਥ’ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਖੰਭ ਦਿਤੇ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਸਪੱਸ਼ਟ ਹੈ ਕਿ ਇਸ ਸਿਖਰ ਸੰਮੇਲਨ ’ਚ ਇਕ ਧਰਤੀ ਇਕ ਪਰਵਾਰ ਇਕ ਭਵਿੱਖ ਦਾ ਵਿਸ਼ਾ ਓਨਾ ਹੀ ਢੁਕਵਾਂ ਹੈ ਜਿੰਨਾ ਪਿਛਲੇ ਸਾਲ ਸੀ।’’
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬ੍ਰਾਜ਼ੀਲ ਪਹੁੰਚਣ ’ਤੇ ਭਾਰਤੀ ਮੂਲ ਦੇ ਲੋਕਾਂ ਨੇ ਉਨ੍ਹਾਂ ਦਾ ਮੰਤਰਾਂ ਦੇ ਜਾਪ ਨਾਲ ਸਵਾਗਤ ਕੀਤਾ। ਬ੍ਰਾਜ਼ੀਲ ’ਚ ਉਨ੍ਹਾਂ ਦੇ ਸਵਾਗਤ ਲਈ ਇਕ ਸਭਿਆਚਾਰਕ ਪ੍ਰੋਗਰਾਮ ਵੀ ਕੀਤਾ ਗਿਆ ਸੀ। ਮੋਦੀ ਨੇ ਪੋਸਟ ਕੀਤਾ, ‘‘ਬ੍ਰਾਜ਼ੀਲ ’ਚ ਭਾਰਤੀ ਸਭਿਆਚਾਰ ਦਾ ਜਸ਼ਨ। ਰੀਓ ਡੀ ਜਨੇਰੀਓ ’ਚ ਇਸ ਯਾਦਗਾਰੀ ਸਵਾਗਤ ਲਈ ਤੁਹਾਡਾ ਧੰਨਵਾਦ।’’