
ਸਾਡਾ ਕਿਸਾਨ ਪਹਿਲਾਂ, ਤੁਹਾਡਾ ਸਾਮਾਨ ਬਾਅਦ ’ਚ
ਆਕਲੈਂਡ : ਭਾਰਤ ਦੇ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਵਿਚ ਹਰ ਕੋਈ ਅਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਵਿਦੇਸ਼ ਬੈਠੇ ਲੋਕ ਜਿਥੇ ਰੋਸ ਮੁਜਾਹਰੇ ਕਰ ਕੇ ਅਤੇ ਭਾਰਤੀ ਸਫ਼ਾਰਤ ਖ਼ਾਨਿਆਂ ਨੂੰ ਮੰਗ ਪੱਤਰ ਦੇ ਕੇ ਨਵੇਂ ਕਿਸਾਨੀ ਬਿਲਾਂ ਦਾ ਵਿਰੋਧ ਕਰ ਰਹੇ ਹਨ ਉਥੇ ਭਾਰਤ ’ਚ ਪੈਰ ਪਸਾਰ ਰਹੀਆਂ ਦੋ ਵੱਡੀਆਂ ਕੰਪਨੀਆਂ (ਅੰਬਾਨੀ ਅਤੇ ਅਡਾਨੀ ਗਰੁੱਪ) ਦੇ ਸਾਮਾਨ ਨੂੰ ਵੀ ਹੁਣ ਵਿਕਰੀ ਤੋਂ ਹਟਾਇਆ ਜਾ ਰਿਹਾ ਹੈ।
Farmer protest
ਅੱਜ ਨਿਊਜ਼ੀਲੈਂਡ ਦੇ ਵਿਚ ਦੋ ਪੰਜਾਬੀ ਭਰਾਵਾਂ ਸ. ਇੰਦਰਜੀਤ ਸਿੰਘ ਅਤੇ ਸ. ਸੁਰਜੀਤ ਸਿੰਘ ਜੋ ਕਿ ਡੀ. ਐਚ. ਸੁਪਰਮਾਰਕੀਟ ਪੰਜਾਬੀਆਂ ਦੇ ਸੰਘਣੀ ਆਬਾਦੀ ਵਾਲੇ ਸ਼ਹਿਰ ਪਾਪਾਟੋਏਟੋਏ ਵਿਖੇ ਚਲਾਉਂਦੇ ਨੇ ‘ਫਾਰਚੂਨ’ ਕੰਪਨੀ ਦੇ ਸਾਰੇ ਉਤਪਾਦਾਂ ਦਾ ਬਾਈਕਾਟ ਕਰਦਿਆਂ ਉਨ੍ਹਾਂ ਦੀ ਵਿੱਕਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੇ ਕੋਲ ਭਾਵੇਂ ਵੱਡਾ ਸਟਾਕ ਹੈ ਪਰ ਉਸ ਨੂੰ ਹੁਣ ਨਹੀਂ ਵੇਚਣਗੇ ਇਸਦੇ ਉਲਟ ਕੰਪਨੀ ਨੂੰ ਵਾਪਸ ਕਰ ਕੇ ਇਕ ਕਿਸਾਨੀ ਸੁਨੇਹਾ ਭਾਰਤ ਤਕ ਪੁੱਜਦਾ ਕਰਨਗੇ। ਉਨ੍ਹਾਂ ਦੁੱਖ ਜ਼ਾਹਿਰ ਕੀਤਾ ਕਿ ਇਨ੍ਹਾਂ ਕੰਪਨੀਆਂ ਦੇ ਮਾਲਕਾਂ ਨੇ ਇਕ ਵਾਰ ਵੀ ਕਿਸਾਨੀ ਸੰਘਰਸ਼ ਪ੍ਰਤੀ ਕੋਈ ਅਪਣਾ ਬਿਆਨ ਨਹੀਂ ਦਿਤਾ ਜਿਸ ਤੋਂ ਉਨ੍ਹਾਂ ਦੀ ਬਦਨੀਤੀ ਦਾ ਪਤਾ ਚਲਦਾ ਹੈ।
ਦੂਜੇ ਪਾਸੇ ਭਾਰਤ ਦੀ ਕਿਸਾਨ ਵਿਰੋਧੀ ਸਰਕਾਰ ਨੂੰ ਕਿਸਾਨਾਂ ਦਾ ਦੁੱਖ-ਦਰਦ ਸਮਝ ਨਹੀਂ ਆ ਰਿਹਾ ਅਤੇ ਕਿਸਾਨ ਬਿਲਾਂ ਨੂੰ ਲੈ ਕੇ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਉਨ੍ਵਾਂ ਕਿਹਾ ਕਿ ਸਾਡਾ ਭਾਰਤੀ ਕਿਸਾਨ ਪਹਿਲਾਂ ਹੈ ਅਤੇ ਕੰਪਨੀਆਂ ਦਾ ਸਾਮਾਨ ਬਾਅਦ ਵਿਚ। ਭਾਈ ਸਰਵਣ ਸਿੰਘ ਅਗਵਾਨ (ਭਰਾਤਾ ਸ਼ਹੀਦ ਭਾਈ ਸਤਵੰਤ ਸਿੰਘ) ਹੋਰਾਂ ਵੀਰ ਇੰਦਰਜੀਤ ਸਿੰਘ ਹੋਰਾਂ ਦੇ ਇਸ ਫ਼ੈਸਲੇ ਦੀ ਸਰਾਹਣਾ ਕੀਤੀ ਹੈ ਅਤੇ ਕਿਹਾ ਹੈ ਕਿ ਵੱਡੀਆਂ ਕੰਪਨੀਆਂ ਨੂੰ ਇਸੀ ਤਰ੍ਹਾਂ ਸਬਕ ਸਿਖਾਇਆ ਜਾ ਸਕਦਾ ਹੈ ਤਾਂ ਕਿ ਉਹ ਕਿਸਾਨਾ ਦੀ ਇਜੱਤ ਕਰਨਾ ਸਿੱਖਣ।