
ਇਹ ਯਮਨ ਦੇ ਹੂਤੀ ਸਮੂਹ ਵਲੋਂ ਇਜ਼ਰਾਈਲ ਵਲ ਦਾਗੀ ਗਈ ਦੂਜੀ ਮਿਜ਼ਾਈਲ ਹੈ
ਇਜ਼ਰਾਈਲ ਨੇ ਲਾਲ ਸਾਗਰ ਵਿਚ ਯਮਨ ਤੋਂ ਏਲਾਤ ਵਲ ਦਾਗ਼ੀ ਗਈ ਇਕ ਮਿਜ਼ਾਈਲ ਨੂੰ ਰੋਕ ਦਿਤਾ ਹੈ। ਇਜ਼ਰਾਈਲ ਡਿਫ਼ੈਂਸ ਫ਼ੋਰਸਿਜ਼ (ਆਈ.ਡੀ.ਐਫ਼) ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਯਮਨ ਤੋਂ ਦੱਖਣ-ਪੂਰਬੀ ਇਜ਼ਰਾਈਲ ਵਲ ਦਾਗ਼ੀ ਗਈ ਇਕ ਮਿਜ਼ਾਈਲ ਨੂੰ ਰੋਕ ਦਿਤਾ। ਆਈ.ਡੀ.ਐਫ਼ ਅਨੁਸਾਰ ਮਿਜ਼ਾਈਲ ਲਾਂਚ ਤੋਂ ਬਾਅਦ ਲਾਲ ਸਾਗਰ ਦੇ ਦੱਖਣੀ ਸ਼ਹਿਰ ਏਲਾਟ ਅਤੇ ਅਰਾਵਾ ਘਾਟੀ ਵਿਚ ਸਾਇਰਨ ਚਾਲੂ ਕਰ ਦਿਤੇ ਗਏ ਸਨ।
ਮਿਜ਼ਾਈਲ ਨੂੰ ਇਜ਼ਰਾਈਲੀ ਖੇਤਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਯਮਨ ਦੇ ਹੂਤੀ ਸਮੂਹ ਵਲੋਂ ਇਜ਼ਰਾਈਲ ਵਲ ਦਾਗੀ ਗਈ ਦੂਜੀ ਮਿਜ਼ਾਈਲ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਕੇਂਦਰੀ ਖੇਤਰ ਵਲ ਨਿਸ਼ਾਨਾ ਬਣਾਈ ਗਈ ਇਕ ਮਿਜ਼ਾਈਲ ਨੂੰ ਵੀ ਇਜ਼ਰਾਈਲੀ ਹਵਾਈ ਰਖਿਆ ਪ੍ਰਣਾਲੀਆਂ ਨੇ ਰੋਕ ਦਿਤਾ ਸੀ।
ਇਜ਼ਰਾਈਲ ਦੀ ਮਲਕੀਅਤ ਵਾਲੇ ਕਾਨ ਟੀਵੀ ਨਿਊਜ਼ ਨੇ ਰਿਪੋਰਟ ਦਿਤੀ ਕਿ ਮੱਧ ਇਜ਼ਰਾਈਲ ਵਿਚ ਚਾਰ ਥਾਵਾਂ ’ਤੇ ਪੁਲਿਸ ਨੂੰ ਪਹਿਲੀ ਮਿਜ਼ਾਈਲ ਰੁਕਾਵਟ ਦੇ ਟੁਕੜੇ ਮਿਲੇ ਹਨ। ਇਸ ਘਟਨਾ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਯਮਨ ਦੇ ਹੂਤੀ ਸਮੂਹ ਦੇ ਨੇਤਾ ਅਬਦੁਲਮਲਿਕ ਅਲ-ਹੂਤੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਗਾਜ਼ਾ ’ਤੇ ਹਮਲੇ ਜਾਰੀ ਰਹੇ ਤਾਂ ਉਨ੍ਹਾਂ ਦਾ ਸਮੂਹ ਇਜ਼ਰਾਈਲ ਵਿਰੁਧ ਹਮਲੇ ਜਾਰੀ ਰੱਖੇਗਾ।