
ਭਾਰਤ 'ਚ ਹੋ ਰਹੇ ਅਤਿਆਚਾਰਾਂ ਨੂੰ ਲੈ ਕੇ ਕੀਤੀ ਨਾਹਰੇਬਾਜ਼ੀ
ਲੰਡਨ : ਭਾਰਤ ਵਿਚ ਬੱਚੀਆਂ ਨਾਲ ਬਲਾਤਕਾਰਾਂ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਕਾਰਨ ਦੇਸ਼ ਦੀ ਜਨਤਾ ਵਿਚ ਕਾਫ਼ੀ ਜ਼ਿਆਦਾ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਦਾ ਸਾਹਮਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪਣੀ ਬ੍ਰਿਟੇਨ ਯਾਤਰਾ ਦੌਰਾਨ ਵੀ ਕਰਨਾ ਪਿਆ ਹੈ। ਮੋਦੀ ਇੱਥੇ ਚੋਗਮ ਵਿਚ ਭਾਗ ਲੈਣ ਲਈ ਅਪਣੀ ਚਾਰ ਦਿਨਾਂ ਯਾਤਰਾ 'ਤੇ ਬੁੱਧਵਾਰ ਨੂੰ ਬ੍ਰਿਟੇਨ ਪੁੱਜੇ ਹਨ। ਮੋਦੀ ਦੀ ਬ੍ਰਿਟੇਨ ਯਾਤਰਾ ਦੌਰਾਨ ਪ੍ਰਦਰਸ਼ਨ ਕਰ ਰਹੇ ਕੁੱਝ ਸੰਗਠਨ ਉਸ ਸਮੇਂ ਭੜਕ ਗਏ ਜਦੋਂ 53 ਰਾਸ਼ਟਰ ਮੰਡਲ ਦੇਸ਼ਾਂ ਦੇ 'ਫਲੈਗ ਪੋਲ' 'ਤੇ ਲੱਗੇ ਅਧਿਕਾਰਕ ਝੰਡਿਆਂ ਵਿਚੋਂ ਤਿਰੰਗੇ ਨੂੰ ਫਾੜ ਦਿਤਾ ਗਿਆ। ਦੁਵੱਲੀ ਅਤੇ ਚੋਗਮ ਗੱਲਬਾਤ ਲਈ ਲੰਡਨ ਆਏ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਅਪਣੀ ਬ੍ਰਿਟਿਸ਼ ਹਮਅਹੁਦਾ ਥੈਰੇਸਾ ਮੇਅ ਨਾਲ ਮੁਲਾਕਾਤ ਕੀਤੀ ਉਦੋਂ ਉਥੇ ਪ੍ਰਦਰਸ਼ਨਕਾਰੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਸੀ। ਇਸ ਦੌਰਾਨ ਖ਼ਾਲਿਸਤਾਨ ਸਮਰਥਕ ਪ੍ਰਦਰਸ਼ਨਕਾਰੀ ਕੁੱਝ ਜ਼ਿਆਦਾ ਹਿੰਸਕ ਹੋ ਗਏ ਸਨ। ਸੰਗਠਨ ਇਸ ਸਬੰਧੀ ਮੈਟਰੋਪੋਲਿਟਨ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਯਾਤਰਾ ਨਾਲ ਸਬੰਧਤ ਭਾਰਤ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਬ੍ਰਿਟਿਸ਼ ਅਧਿਕਾਰੀਆਂ ਦੇ ਸਾਹਮਣੇ ਅਪਣੀ ਚਿੰਤਾ ਜਤਾਈ ਹੈ, ਉਨ੍ਹਾਂ ਨੇ ਘਟਨਾ ਲਈ ਮੁਆਫ਼ੀ ਮੰਗੀ ਹੈ। ਸਿੱਖ ਫ਼ੈਡਰੇਸ਼ਨ ਯੂਕੇ ਦੇ ਕੁੱਝ ਖ਼ਾਲਿਸਤਾਨੀ ਸਮਰਥਕ ਪ੍ਰਦਰਸ਼ਨਕਾਰੀ ਅਤੇ ਪਾਕਿਸਤਾਨੀ ਮੂਲ ਦੇ ਪੀਰ ਲਾਰਡ ਅਹਿਮਦ ਦੀ ਅਗਵਾਈ ਵਾਲੇ 'ਮਾਈਨਾਰਿਟੀ ਅਗੇਂਸਟ ਮੋਦੀ' ਦੇ ਪ੍ਰਦਰਸ਼ਨਕਾਰੀਆਂ ਸਮੇਤ ਕਰੀਬ 500 ਲੋਕ ਪਾਰਲੀਮੈਂਟ ਸਕਵਾਇਰ ਵਿਚ ਇਕੱਠੇ ਹੋਏ। ਇਨ੍ਹਾਂ ਵਿਚੋਂ ਕੁੱਝ ਦੀ ਅਗਵਾਈ ਕੁੱਝ ਕਸ਼ਮੀਰੀ ਵੱਖਵਾਦੀ ਸੰਗਠਨ ਕਰ ਰਹੇ ਸਨ। ਇਹ ਲੋਕ ਅਪਣੇ ਬੈਨਰ ਅਤੇ ਝੰਡੇ ਲੈ ਕੇ ਮਹਾਤਮਾ ਗਾਂਧੀ ਦੀ ਮੂਰਤੀ ਦੇ ਕੋਲ ਇਕੱਠੇ ਹੋ ਗਏ। ਮੋਦੀ ਨੂੰ ਵਿਰੋਧ ਦਾ ਸਾਹਮਣਾ ਕਰਨ ਦੇ ਨਾਲ-ਨਾਲ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ। 10 ਡਾਊਨਿੰਗ ਸਟ੍ਰੀਟ 'ਤੇ ਸਾੜ੍ਹੀ ਪਹਿਨੀ ਔਰਤਾਂ ਨੇ ਢੋਲ ਦੀ ਥਾਪ 'ਤੇ ਮੋਦੀ ਦੇ ਪੱਖ ਵਿਚ ਸਮਾਂ ਬੰਨ੍ਹਿਆ। ਮੋਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸੇ ਮੇਅ ਨੂੰ ਮਿਲਣ ਲਈ ਕੱਲ੍ਹ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਪਹੁੰਚੇ ਸਨ।
Strike against Modi
ਇੱਥੇ ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਫ੍ਰੈਂਡਜ਼ ਆਫ਼ ਇੰਡੀਆ ਸੁਸਾਇਟੀ ਇੰਟਰਨੈਸ਼ਨਲ ਸਮੂਹ ਦੇ ਲੋਕ ਵੀ ਮੌਜੂਦ ਸਨ। ਇਨ੍ਹਾਂ ਲੋਕਾਂ ਨੇ 'ਚਕ ਦੇ ਇੰਡੀਆ' ਅਤੇ 'ਜੈ ਹਿੰਦ' ਦੇ ਬੈਨਰ ਲਹਿਰਾਏ। ਇੱਥੇ ਹੋਏ ਲੋਕਾਂ ਵਿਚੋਂ ਇਕ ਨੇ ਕਿਹਾ ਕਿ ਅਸੀਂ ਬ੍ਰਿਟੇਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਭਾਰਤ ਵਾਸੀਆਂ ਵਲੋਂ ਪ੍ਰਾਪਤ ਸਮਰਥਨ ਸਬੰਧੀ ਦਸਣਾ ਚਾਹੁੰਦੇ ਹਨ। ਉਥੇ ਦੂਜੇ ਪਾਸੇ ਕਾਸਟਵਾਚ ਯੂਕੇ ਅਤੇ ਸਾਊਣ ਏਸ਼ੀਆ ਸਾਲਿਡੇਰਿਟੀ ਗਰੁੱਪ ਦੇ ਲੋਕਾਂ ਨੇ ਮੋਦੀ ਵਿਰੁਧ ਪ੍ਰਦਰਸ਼ਨ ਕੀਤਾ ਅਤੇ 'ਮੋਦੀ ਤੁਮਾਰੇ ਹਾਥ ਖ਼ੂਨ ਸੇ ਰੰਗੇ ਹੈਂ', 'ਮੋਦੀ ਦਾ ਸਵਾਗਤ ਨਹੀਂ' ਵਰਗੇ ਬੈਨਰ ਦਿਖਾਏ। ਕਾਸਟ ਵਾਚ ਯੂਕੇ ਦੇ ਬੁਲਾਰੇ ਕਿਹਾ ਕਿ ਲੋਕਤੰਤਰ ਅਤੇ ਦੇਸ਼ ਦੀ ਏਕਤਾ ਲਈ ਖ਼ਤਰਾ ਬਣ ਰਹੇ ਤਾਨਾਸ਼ਾਹੀ ਵੱਲ ਭਾਰਤ ਨੂੰ ਵਧਣ ਤੋਂ ਰੋਕਣ ਲਈ ਹਿੰਦੂ ਰਾਸ਼ਟਰਵਾਦ ਨੂੰ ਰੋਕਣਾ ਹੋਵੇਗਾ। ਉਨ੍ਹਾਂ ਦੇ ਨਾਲ ਹੀ ਕੁੱਝ ਹੋਰ ਪ੍ਰਦਸ਼ਨਕਾਰੀ ਵੀ ਇਕੱਠੇ ਹੋਏ।ਉਨ੍ਹਾਂ ਦੀਆਂ ਹੱਥਾਂ ਵਿਚ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਬਲਾਤਕਾਰ ਪੀੜਤਾ ਬੱਚੀ, ਪੱਤਰਕਾਰ ਗੌਰੀ ਲੰਕੇਸ਼ ਦੀਆਂ ਤਸਵੀਰਾਂ ਸਨ। ਲੰਕੇਸ਼ ਨੂੰ ਪਿਛਲੇ ਸਾਲ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਦਿਤੀ ਗਈ ਸੀ। ਪ੍ਰਦਰਸ਼ਨਕਾਰੀਆਂ ਵਿਚ ਬ੍ਰਿਟੇਨ ਵਿਚ ਭਾਰਤੀ ਔਰਤਾਂ ਦੇ ਕਈ ਸੰਗਠਨ ਵੀ ਸ਼ਾਮਲ ਸਨ। ਇਨ੍ਹਾਂ ਲੋਕਾਂ ਨੇ ਭਾਰਤ ਵਿਚ ਹੋ ਰਹੇ ਅੱਤਿਆਚਾਰਾਂ ਵਿਰੁਧ ਅਪਣੇ ਸ਼ਾਂਤਮਈ ਪ੍ਰਦਰਸ਼ਨ ਲਈ ਸਫ਼ੈਦ ਕੱਪੜੇ ਪਹਿਨੇ ਹੋਏ ਸਨ। ਉਨ੍ਹਾਂ ਦੇ ਹੱਥਾਂ ਵਿਚ ਫੜੀਆਂ ਤਖ਼ਤੀਆਂ 'ਤੇ 'ਮੈਂ ਹਿੰਦੁਸਤਾਨੀ ਹਾਂ, ਮੈਂ ਸ਼ਰਮਿੰਦਾ ਹਾਂ, ਬੇਟੀ ਬਚਾਉ' ਲਿਖਿਆ ਹੋਇਆ ਸੀ। (ਏਜੰਸੀ)