
ਹੈਰੀਟੇਜ ਪਾਰਕ ਦਾ ਉਦਘਾਟਨ ਕੀਤੇ ਜਾਣ ਦਾ ਦ੍ਰਿਸ਼।
ਪਰਥ, 19 ਅਪ੍ਰੈਲ (ਪਿਆਰਾ ਸਿੰਘ ਨਾਭਾ): ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਸਥਾਨਕ ਸਰਕਾਰ ਦੇ ਵਾਤਾਵਰਣ ਮੰਤਰੀ ਸਟੀਫ਼ਨ ਡਾਅਸਨ ਅਤੇ ਅਤੇ ਵਿਰਾਸਤੀ ਮਾਮਲਿਆਂ ਦੇ ਮੰਤਰੀ ਬਿਲ ਜੋਹਨਸਨ ਨੇ ਰਾਜ ਵਿਚ ਸਿੱਖਾਂ ਦੇ ਭਰਪੂਰ ਯੋਗਦਾਨ ਨੂੰ ਸਮਰਪਿਤ 'ਸਿੱਖ ਹੈਰੀਟੇਜ ਟ੍ਰੇਲ' ਐਡੀਨੀਆ ਪਾਰਕ (ਰਿਵਰਟਨ) ਦਾ ਉਦਘਾਟਨ ਬੜੇ ਹੀ ਮਾਣ-ਸਤਿਕਾਰ ਨਾਲ ਕੀਤਾ ।ਪਾਰਕ ਵਿਚ ਆਉਣ ਵਾਲਿਆਂ ਵਾਸਤੇ ਘੁੰਮਣ ਫਿਰਨ ਲਈ ਪਾਰਕ ਅੰਦਰ ਤਕਰੀਬਨ 250 ਮੀਟਰ ਲੰਬਾ ਇਕ ਕੰਕਰੀਟ ਦਾ ਰਸਤਾ ਬਣਾਇਆ ਗਿਆ ਹੈ ਅਤੇ ਬੈਠਣ ਲਈ ਕੰਕਰੀਟ ਦੇ ਬੈਂਚ ਬਣਾਏ ਗਏ ਹਨ। ਥਾਂ ਥਾਂ ਸਾਈਨ ਬੋਰਡ ਲਗਾ ਕੇ ਰਾਜ ਵਿਚ ਸਿੱਖਾਂ ਦੇ ਇਤਿਹਾਸ ਅਤੇ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਕੰਮ ਨੂੰ ਨੇਪਰੇ ਚਾੜ੍ਹਨ ਵਾਸਤੇ ਜੀਵ ਵਿਭਿੰਨਤਾ ਵਿਭਾਗ, ਅਟਰੈਕਸ਼ਨਜ਼ ਅਤੇ ਕੰਜਰਵੇਸ਼ਨ ਵਿਭਾਗ ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ (ਆਸਾ), ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟ੍ਰੇਲੀਆ (ਸਾਵਾ), ਕੇਨਿੰਗ ਸ਼ਹਿਰ ਦੀ ਕੌਂਸਲ, ਸਥਾਨਕ ਭਾਈਚਾਰੇ ਅਤੇ ਸਰਕਾਰੀ ਮਹਿਕਮਿਆਂ ਨੇ ਭਰਪੂਰ ਯੋਗਦਾਨ ਪਾਇਆ। ਵਾਤਾਵਰਣ ਮੰਤਰੀ ਸਟੀਫ਼ਨ ਡਾਅਸਨ ਨੇ ਕਿਹਾ ਸਾਡੇ ਲਈ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਅਤੇ ਉਤਸ਼ਾਹ ਭਰਪੂਰ ਹੈ ਕਿਉਂਕਿ ਪੱਛਮੀ ਆਸਟ੍ਰੇਲੀਆ ਰਾਜ ਵਿਚ ਸਿੱਖਾਂ ਦੇ ਇਤਿਹਾਸ ਅਤੇ ਯੋਗਦਾਨ ਬਾਰੇ ਜਾਣਕਾਰੀ ਨੂੰ ਦਰਸਾਉਂਦਾ ਇਹ ਪਾਰਕ ਆਮ ਪਬਲਿਕ ਲਈ ਖੁੱਲ੍ਹਿਆ ਹੈ।
Sikh Heritage in Australia
ਟੂਰਿਜ਼ਮ ਅਤੇ ਸਿਟੀਜ਼ਨਸ਼ਿਪ ਦੇ ਨਾਲ ਬਹੁਸਭਿਅਕ ਮਾਮਲਿਆਂ ਦੇ ਮੰਤਰੀ ਪੌਲ ਪਾਪਲੀਆ ਨੇ ਕਿਹਾ ਕਿ ਇਹ ਟ੍ਰੇਲ ਇਕ ਬਹੁ-ਸਭਿਅਕਤਾ ਦੀ ਨਿਸ਼ਾਨੀ ਹੈ ਜੋ ਕਿ ਇਤਿਹਾਸ, ਵਰਤਮਾਨ ਅਤੇ ਭਵਿੱਖ ਉਪਰ ਚਾਨਣਾ ਪਾਉਂਦੀ ਹੈ। ਇਸ ਨਾਲ ਆਸਟ੍ਰੇਲੀਆ ਅਤੇ ਸਥਾਨਕ ਨਿਵਾਸੀਆਂ ਦੇ ਨਾਲ ਨਾਲ ਅੰਤਰ-ਰਾਸ਼ਟਰੀਆ ਪੱਧਰ 'ਤੇ ਵੀ ਇਸ ਪਾਰਕ ਨੂੰ ਖਿਆਤੀ ਮਿਲੀ ਹੈ ਅਤੇ ਭਵਿੱਖ ਵਿਚ ਇਸ ਥਾਂ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆਉਣਗੇ। ਸਥਾਨਕ ਸਰਕਾਰ ਅਤੇ ਵਿਰਾਸਤੀ ਮਾਮਲਿਆਂ ਦੇ ਮੰਤਰੀ ਬਿਲ ਜੋਹਨਸਨ (ਕਨਿੰਗਟਨ ਐਮ.ਐਲ.ਏ.) ਨੇ ਅਪਣੇ ਵਿਚਾਰਾਂ ਵਿਚ ਕਿਹਾ ਕਿ, ਪੱਛਮੀ ਆਸਟ੍ਰੇਲੀਆ ਦੇ ਨਿਵਾਸੀਆਂ ਵਾਸਤੇ ਇਹ ਥਾਂ ਬੜੇ ਹੀ ਮਾਣ ਵਾਲੀ ਹੈ ਅਤੇ ਇਥੇ ਆ ਕੇ ਵਿਚਰਨ ਵਾਲਾ ਹਰ ਇਕ ਇਨਸਾਨ ਇਥੋਂ ਦੀ ਫ਼ਿਜ਼ਾ ਵਿਚਲੀ ਭਾਵੁਕਤਾ ਨੂੰ ਮਾਣ ਸਕਦਾ ਹੈ। ਇਸ ਮੌਕੇ ਹਰਜੀਤ ਸਿੰਘ, ਅਮਰਜੀਤ ਪਾਬਲਾ, ਤਰੁਣਪ੍ਰੀਤ ਸਿੰਘ, ਗੁਰਦਰਸ਼ਨ ਕੈਲੇ ਅਤੇ ਹਰਿੰਦਰਜੀਤ ਸਿੰਘ ਆਦਿ ਹਾਜ਼ਰ ਸਨ।