
ਦੁਨੀਆਂ ਭਰ ’ਚ 22.5 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਹੁਣ ਤਕ ਪੀੜਤ ਹੋ ਚੁੱਕੇ ਹਨ ਜਦਕਿ 1.54,188 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੈਰਿਸ, 18 ਅਪ੍ਰੈਲ: ਦੁਨੀਆਂ ਭਰ ’ਚ 22.5 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਹੁਣ ਤਕ ਪੀੜਤ ਹੋ ਚੁੱਕੇ ਹਨ ਜਦਕਿ 1.54,188 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਨਿਚਰਵਾਰ ਨੂੰ ਏ.ਐਫ਼.ਪੀ. ਵਲੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ।
ਹੁਣ ਤਕ 193 ਦੇਸ਼ਾਂ ’ਚ ਕੋਰੋਨਾ ਵਾਇਰਸ ਦੇ 22,51,695 ਮਾਮਲੇ ਸਾਹਮਣੇ ਆਏ ਹਨ, ਜਦਕਿ 1,54,188 ਲੋਕਾਂ ਦੀ ਮੌਤ ਹੋਈ ਹੈ। ਦੁਨੀਆਂ ’ਚ ਹੁਣ ਤਕ ਘੱਟ ਤੋਂ ਘੱਟ 4,97,600 ਲੋਕ ਸਿਹਤਮੰਦ ਹੋ ਚੁੱਕੇ ਹਨ। ਪਿਛਲੇ ਸਾਲ ਦਸੰਬਰ ’ਚ ਚੀਨ ਤੋਂ ਸ਼ੁਰੂ ਹੋਈ ਇਹ ਮਹਾਮਾਰੀ ਹੁਣ ਤਕ ਪੂਰੀ ਦੁਨੀਆਂ ’ਚ ਫੈਲ ਚੁੱਕੀ ਹੈ।
ਮਹਾਮਾਰੀ ਤੋਂ ਸੱਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਯੂਰੋਪ ’ਚ ਲਾਗ ਦੇ 11,15,555 ਮਾਮਲੇ ਸਾਹਮਣੇ ਆਏ ਹਨ ਅਤੇ 97,985 ਮੌਤਾਂ ਹੋਈਆਂ ਹਨ। ਅਮਰੀਕਾ ’ਚ ਇਹ ਮਹਾਮਾਰੀ ਸੱਭ ਤੋਂ ਤੇਜ਼ ਗਤੀ ਨਾਲ ਫੈਲ ਰਹੀ ਹੈ, ਜੋ ਇਸ ਮਹਾਮਾਰੀ ਦਾ ਸੱਭ ਤੋਂ ਵੱਡਾ ਕੇਂਦਰ ਬਣ ਗਿਆ ਹੈ। ਅਮਰੀਕਾ ’ਚ ਲਾਗ ਦੇ ਹੁਣ ਤਕ 7,06,779 ਮਾਮਲੇ ਸਾਹਮਣੇ ਆਏ ਹਨ, ਜਦਕਿ 37,079 ਲੋਕਾਂ ਦੀ ਮੌਤ ਹੋ ਚੁੱਕੀ ਹੈ। ਘੱਟ ਤੋਂ ਘੱਟ 59,672 ਲੋਕ ਠੀਕ ਹੋ ਚੁੱਕੇ ਹਨ।
ਇਟਲੀ ਦੁਨੀਆਂ ਦਾ ਦੂਜਾ ਸੱਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ 22,745 ਲੋਕਾਂ ਦੀ ਮੌਤ ਹੋਈ ਹੈ ਅਤੇ ਲਾਗ ਦੇ 1,72,434 ਮਾਮਲੇ ਹਨ। ਇਸ ਤੋਂ ਬਾਅਦ ਸਪੇਨ ’ਚ 20,043 ਮੌਤਾਂ ਹੋਈਆਂ ਅਤੇ ਲਾਗ ਦੇ 1,91,726 ਮਾਮਲੇ ਸਾਹਮਣੇ ਆਏ ਹਨ। ਫ਼ਰਾਂਸ ’ਚ 18,681 ਮੌਤਾਂ ਹੋਈਆਂ ਹਨ, ਜਦਕਿ ਲਾਗ ਦੇ 1,47,969 ਮਾਮਲੇ ਹਨ ਅਤੇ ਬਰਤਾਨੀਆਂ ’ਚ 14,576 ਮੌਤਾਂ ਹੋਈਆਂ ਹਨ ਅਤੇ 1,08,692 ਮਾਮਲੇ ਹਨ। ਇਰਾਨ ’ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ, 5,031 ਹੈ, ਜਦਕਿ ਪੀੜਤ ਲੋਕਾਂ ਦੀ ਕੁਲ ਗਿਣਤੀ 80,860 ਹੈ।
ਚੀਨ ’ਚ ਹੁਣ ਤਕ 46,32 ਮੌਤਾਂ ਹੋਈਆਂ ਹਨ ਅਤੇ 82,719 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਲਾਤਿਨ ਅਮਰੀਕਾ ਅਤੇ ਕੈਰੇਬੀਆਈ ਦੇਸ਼ਾਂ ’ਚ 91,699 ਮਾਮਲੇ ਸਾਹਮਣੇ ਆਏ ਹਨ ਅਤੇ 4367 ਮੌਤਾਂ ਹੋਈਆਂ ਹਨ। ਪੂਰੇ ਅਫ਼ਰੀਕਾ ’ਚ 1,674 ਮਾਮਲੇ ਸਾਹਮਣੇ ਆਏ ਹਨ, ਜਦਕਿ 1016 ਮੌਤਾਂ ਹੋਈਆਂ ਹਨ ਅਤੇ ਓਸ਼ਿਆਨਾ ’ਚ 7835 ਮਾਮਲੇ ਸਾਹਮਣੇ ਆਏ ਹਨ ਅਤ 86 ਮੌਤਾਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਫ਼.ਪੀ. ਵਲੋਂ ਇਕੱਠੇ ਕੀਤੇ ਗਏ ਅੰਕੜਿਆਂ ’ਚ ਦੱਸੇ ਗਏ ਮਾਮਲਿਆਂ ਦੀ ਗਿਣਤੀ ਮੁਕਾਬਲੇ ਅਸਲ ਮਾਮਲਿਆਂ ਦੀ ਗਿਣਤੀ ਕਿਤੇ ਵੱਧ ਹੋ ਸਕਦੀ ਹੈ। (ਪੀਟੀਆਈ)