
ਰੰਧਾਵਾ ਜਿਥੇ ਲੰਮੇ ਸਮੇਂ ਤੋਂ ਪੰਜਾਬੀ ਮੀਡੀਆ ਨਾਲ ਜੁੜੇ ਹੋਏ ਹਨ, ਉਥੇ ਹੀ ਕਈ ਹੋਰ ਸੰਸਥਾਵਾਂ ਦੇ ਨਾਲ ਕੰਮ ਕਰ ਰਹੇ ਹਨ
ਆਕਲੈਂਡ: 2020 ਵਿਚ ਪਹਿਲੀ ਵਾਰ ਸੰਸਦੀ ਵੋਟਾਂ ਲਈ ਬਣੇ ਹਲਕਾ ਪੈਨਮਿਉਹ-ਓਟਾਹੂਹੂ ਤੋਂ ਨਿਊਜ਼ੀਲੈਂਡ ਦੀ ਰਾਜਸੀ ਪਾਰਟੀ ਨੈਸ਼ਨਲ ਪਾਰਟੀ ਵਲੋਂ ਨਵਤੇਜ ਸਿੰਘ ਰੰਧਾਵਾ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ। ਨਵਤੇਜ ਸਿੰਘ ਰੰਧਾਵਾ ਪੰਜਾਬੀ ਮੂਲ ਦੇ ਉਸ ਪ੍ਰਵਾਰ ਦੀ ਚੌਥੀ ਪੀੜ੍ਹੀ ਹਨ। ਜਿਹੜੇ 1920 ਦੇ ਦਹਾਕੇ ਵਿਚ ਹਮਿਲਟਨ ਸ਼ਹਿਰ ਤੋਂ ਲਗਭਗ 300 ਕਿਲੋਮੀਟਰ ਦੂਰ ਵਸਦੇ ਨਗਰ ਤਾਇਪੋ ਕਿੰਗ ਵਿਖੇ ਆਏ ਸਨ। ਉਨ੍ਹਾਂ ਨੇ ਇਥੇ ਵਸਦੀ ਭਾਰਤੀ ਕਮਿਊਨਿਟੀ ਦੇ ਲਈ ਵੱਡਾ ਯੋਗਦਾਨ ਪਾਇਆ। ਨਿਊਜ਼ੀਲੈਂਡ ਦਾ ਪਹਿਲਾ ਗੁਰਦਵਾਰਾ ਸਾਹਿਬ ਸਥਾਪਤ ਕਰਨ ਵਿਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ।
ਰੰਧਾਵਾ ਜਿਥੇ ਲੰਮੇ ਸਮੇਂ ਤੋਂ ਪੰਜਾਬੀ ਮੀਡੀਆ ਨਾਲ ਜੁੜੇ ਹੋਏ ਹਨ ਉਥੇ ਕਈ ਹੋਰ ਸੰਸਥਾਵਾਂ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦਾ ਮੁੱਖ ਉਦੇਸ਼ ਇਸ ਵੇਲੇ ਕੀਵੀਆਂ ਨੂੰ ਜੀਵਨ ਨਿਰਬਾਹ ਦੇ ਲਈ ਆਮਦਨ ਦੇ ਪੱਧਰ ਨੂੰ ਸੁਧਾਰਨਾ ਹੈ ਉਥੇ ਵਧਦੇ ਅਪਰਾਧ ਨੂੰ ਨੱਥ ਪਾਉਣਾ ਵੀ ਸ਼ਾਮਲ ਹੈ। ਰੰਧਾਵਾ ਅਨੁਸਾਰ ਲੋਕ ਇਸ ਵੇਲੇ ਅਪਰਾਧੀ ਗਤੀਵਿਧੀਆਂ ਕਾਰਨ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਹਰ ਪਾਸੇ ਨਿਤ ਪ੍ਰਤੀ ਦਿਨ ਹਾਲਾਤ ਹੋਰ ਖ਼ਰਾਬ ਹੋ ਰਹੇ ਹਨ। ਲੇਬਰ ਸਰਕਾਰ ਦੀ ਨਰਮਾਈ ਅਪਰਾਧ ਨੂੰ ਘਟਾਉਣ ਵਿਚ ਅਸਫ਼ਲ ਰਹੀ ਹੈ। ਸਥਾਨਕ ਛੋਟੇ ਕਾਰੋਬਾਰੀ ਸਮਝ ਨਹੀਂ ਪਾ ਰਹੇ ਕਿ ਹੋਰ ਕਿੰਨੀਆਂ ਲੁੱਟਾਂ ਖੋਹਾਂ ਦੀ ਲੇਬਰ ਸਰਕਾਰ ਉਡੀਕ ਕਰ ਰਹੀ ਹੈ ਅਤੇ ਉਸ ਤੋਂ ਬਾਅਦ ਲੋਕਾਂ ਦੀ ਗੱਲ ਸੁਣੇਗੀ। ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਉਨ੍ਹਾਂ ਦੀ ਪਹਿਲ ਰਹੇਗੀ।
--