
ਔਰਤਾਂ ਅਤੇ ਬੱਚਿਆਂ ਸਮੇਤ 500 ਯਾਤਰੀ ਸਨ ਸਵਾਰ
Congo Boat Accident: ਕਾਂਗੋ ਲੋਕਤੰਤਰੀ ਗਣਰਾਜ ਵਿੱਚ ਇੱਕ ਮੋਟਰ ਵਾਲੀ ਲੱਕੜ ਦੀ ਕਿਸ਼ਤੀ ਨੂੰ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ, ਕਾਂਗੋ ਨਦੀ ਵਿੱਚ ਕਿਸ਼ਤੀ ਪਲਟ ਗਈ, ਜਿਸ ਵਿੱਚ ਘੱਟੋ-ਘੱਟ 148 ਲੋਕ ਮਾਰੇ ਗਏ।
ਮੀਡੀਆ ਰਿਪੋਰਟਾਂ ਵਿੱਚ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਕਿਹਾ ਗਿਆ ਹੈ ਕਿ ਕਿਸ਼ਤੀ ਮੰਗਲਵਾਰ ਨੂੰ ਦੇਸ਼ ਦੇ ਉੱਤਰ-ਪੱਛਮੀ ਖੇਤਰ ਵਿੱਚ ਕਾਂਗੋ ਨਦੀ ਵਿੱਚ ਪਲਟਣ ਵੇਲੇ ਔਰਤਾਂ ਅਤੇ ਬੱਚਿਆਂ ਸਮੇਤ 500 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ।
ਤੁਹਾਨੂੰ ਦੱਸ ਦੇਈਏ ਕਿ ਕਾਂਗੋ ਵਿੱਚ ਕਿਸ਼ਤੀ ਹਾਦਸੇ ਆਮ ਹਨ। ਕਾਂਗੋ ਦੇ ਪਿੰਡਾਂ ਵਿਚਕਾਰ ਪੁਰਾਣੀਆਂ ਲੱਕੜ ਦੀਆਂ ਕਿਸ਼ਤੀਆਂ ਆਵਾਜਾਈ ਦਾ ਮੁੱਖ ਸਾਧਨ ਹਨ ਅਤੇ ਅਕਸਰ ਮਾਲ ਨਾਲ ਭਰੀਆਂ ਹੁੰਦੀਆਂ ਹਨ। ਇਸ ਕਰ ਕੇ, ਕਾਂਗੋ ਵਿੱਚ ਬਹੁਤ ਸਾਰੇ ਕਿਸ਼ਤੀ ਹਾਦਸੇ ਹੁੰਦੇ ਹਨ।
ਰਿਪੋਰਟ ਦੇ ਅਨੁਸਾਰ, ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ। ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 50 ਦੱਸੀ ਜਾ ਰਹੀ ਸੀ। ਐੱਚਬੀ ਕਾਂਗੋਲੋ ਨਾਮਕ ਕਿਸ਼ਤੀ ਨੂੰ ਮਬੰਦਾਕਾ ਸ਼ਹਿਰ ਦੇ ਨੇੜੇ ਅੱਗ ਲੱਗ ਗਈ, ਜਦੋਂ ਇਹ ਮਾਟਨਕੁਮੂ ਬੰਦਰਗਾਹ ਤੋਂ ਬੋਲੋਂਬਾ ਖੇਤਰ ਲਈ ਰਵਾਨਾ ਹੋ ਰਹੀ ਸੀ।
ਇੱਕ ਨਿਊਜ਼ ਰਿਪੋਰਟ ਅਨੁਸਾਰ, ਲਗਭਗ 100 ਬਚੇ ਲੋਕਾਂ ਨੂੰ ਸਥਾਨਕ ਟਾਊਨ ਹਾਲ ਵਿਖੇ ਇੱਕ ਅਸਥਾਈ ਪਨਾਹਗਾਹ ਵਿੱਚ ਲਿਜਾਇਆ ਗਿਆ। ਜਦੋਂ ਕਿ ਸੜਨ ਨਾਲ ਜ਼ਖ਼ਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਰਿਵਰ ਕਮਿਸ਼ਨਰ ਕੰਪੀਟੇਂਟ ਲੋਯੋਕੋ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਔਰਤ ਖਾਣਾ ਬਣਾ ਰਹੀ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਅਤੇ ਬੱਚਿਆਂ ਸਮੇਤ ਬਹੁਤ ਸਾਰੇ ਯਾਤਰੀਆਂ ਦੀ ਮੌਤ ਪਾਣੀ ਵਿੱਚ ਛਾਲ ਮਾਰਨ ਤੋਂ ਬਾਅਦ ਹੋਈ ਕਿਉਂਕਿ ਉਹ ਤੈਰ ਨਹੀਂ ਸਕਦੇ ਸਨ।