
ਉੱਤਰ ਕੋਰੀਆ ਨੇ ਅਮਰੀਕਾ ਵਲੋਂ ਉਸ ਦੇ ਇਕ ਮਾਲਵਾਹਕ ਸਮੁੰਦਰੀ ਜਹਾਜ਼ ਨੂੰ ਜ਼ਬਤ ਕੀਤੇ ਜਾਣ ਨੂੰ ਗ਼ੈਰ-ਕਾਨੂੰਨੀ ਕੰਮ ਦੱਸਦੇ ਹੋਏ
ਸਿਓਲ : ਉੱਤਰ ਕੋਰੀਆ ਨੇ ਅਮਰੀਕਾ ਵਲੋਂ ਉਸ ਦੇ ਇਕ ਮਾਲਵਾਹਕ ਸਮੁੰਦਰੀ ਜਹਾਜ਼ ਨੂੰ ਜ਼ਬਤ ਕੀਤੇ ਜਾਣ ਨੂੰ ਗ਼ੈਰ-ਕਾਨੂੰਨੀ ਕੰਮ ਦੱਸਦੇ ਹੋਏ ਇਸ ਨੂੰ ਤੁਰੰਤ ਵਾਪਸ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਅਮਰੀਕਾ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਸ ਨੇ ਪਾਬੰਦੀ ਦੇ ਉਲੰਘਣ ਸਬੰਧੀ ਗਤੀਵਿਧੀ ਦੇ ਕਾਰਨ ਉੱਤਰ ਕੋਰੀਆ 'ਚ ਰਜਿਸਟਰਡ ਮਾਲਵਾਕ ਸਮੁੰਦਰੀ ਜਹਾਜ਼ ਐੱਮ/ਵੀ ਵਾਈਜ਼ ਆਨੇਸਟ ਨੂੰ ਅਪਣੇ ਕਬਜ਼ੇ 'ਚ ਲੈ ਲਿਆ ਹੈ। ਇਕ ਸਾਲ ਪਹਿਲਾਂ ਇਸ ਜਹਾਜ਼ ਨੂੰ ਇੰਡੋਨੇਸ਼ੀਆ 'ਚ ਕਬਜ਼ੇ 'ਚ ਲਿਆ ਗਿਆ ਸੀ।
ਪਿਛਲੇ ਹਫ਼ਤੇ ਉੱਤਰ ਕੋਰੀਆ ਵਲੋਂ ਛੋਟੀ ਦੂਰੀ ਦੀਆਂ ਮਿਜ਼ਾਇਲਾਂ ਨਾਲ ਹਥਿਆਰਾਂ ਦੇ ਪ੍ਰੀਖਣ ਤੋਂ ਬਾਅਦ ਵਧੇ ਤਣਾਅ ਦੇ ਵਿਚਾਲੇ ਇਹ ਜ਼ਬਤੀ ਹੋਈ ਹੈ।
ਉੱਤਰ ਕੋਰੀਆ ਦੀ ਸਰਕਾਰੀ ਪੱਤਰਕਾਰ ਏਜੰਸੀ ਕੇ.ਸੀ.ਐੱਨ.ਏ. ਮੁਤਾਬਕ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੂੰ ਸ਼ੁਕਰਵਾਰ ਨੂੰ ਭੇਜੇ ਇਕ ਪੱਤਰ 'ਚ ਸੰਯੁਕਤ ਰਾਸ਼ਟਰ 'ਚ ਉੱਤਰ ਕੋਰੀਆ ਦੇ ਸਥਾਈ ਪ੍ਰਤੀਨਿਧ ਕਿਮ ਸੋਂਗ ਨੇ ਕਿਹਾ ਕਿ ਇਹ ਗ਼ੈਰ-ਕਾਨੂੰਨੀ ਤੇ ਸਖ਼ਤ ਕਦਮ ਹੈ।
ਪੱਤਰ 'ਚ ਕਿਹਾ ਗਿਆ ਹੈ ਕਿ ਜ਼ਬਤੀ ਦਾ ਇਹ ਕਦਮ ਸਾਫ ਤੌਰ 'ਤੇ ਸੰਕੇਤ ਦਿੰਦਾ ਹੈ ਕਿ ਅਸਲ 'ਚ ਅਮਰੀਕਾ ਇਕ ਗੈਂਗਸਟਰ ਦੇਸ਼ ਹੈ, ਜੋ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਰਵਾਹ ਨਹੀਂ ਕਰਦਾ। ਉੱਤਰ ਕੋਰੀਆ ਦੇ ਪ੍ਰਤੀਨਿਧ ਨੇ ਕੋਰੀਆਈ ਟਾਪੂ 'ਚ ਸਥਿਰਤਾ ਲਈ ਗੁਟੇਰੇਸ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ।
(ਪੀਟੀਆਈ)