
ਗੈਂਗ ਵਲੋਂ ਪ੍ਰਵਾਸੀਆਂ ਨਾਲ ਭਰੀ ਬੱਸ ਨੂੰ ਅਗ਼ਵਾ ਕਰ ਕੇ ਮੰਗੀ ਗਈ ਸੀ ਫ਼ਿਰੌਤੀ
ਮੈਕਸੀਕੋ ਸਿਟੀ : ਇਥੇ ਇਕ ਗੈਂਗ ਵਲੋਂ ਪ੍ਰਵਾਸੀਆਂ ਨੂੰ ਲਿਜਾ ਰਹੀ ਬੱਸ ਨੂੰ ਅਗਵਾ ਕਰ ਲਿਆ ਗਿਆ ਸੀ ਜਿਸ ਵਿਚ ਕਰੀਬ 50 ਯਾਤਰੀ ਸਵਾਰ ਸਨ। ਤਾਜ਼ਾ ਜਾਣਕਾਰੀ ਅਨੁਸਾਰ ਹੋਂਡੂਰਸ, ਹੈਤੀ, ਵੈਨੇਜ਼ੁਏਲਾ, ਅਲ ਸਲਵਾਡੋਰ, ਬ੍ਰਾਜ਼ੀਲ ਅਤੇ ਕਿਊਬਾ ਦੇ 49 ਪ੍ਰਵਾਸੀਆਂ ਨੂੰ ਲੱਭ ਲਿਆ ਗਿਆ ਹੈ। ਇਹ ਜਾਣਕਾਰੀ ਮੈਕਸੀਕੋ ਦੇ ਰੱਖਿਆ ਮੰਤਰੀ ਦੇ ਹਵਾਲੇ ਨਾਲ ਸਾਂਝੀ ਕੀਤੀ ਗਈ ਹੈ।
ਰੱਖਿਆ ਮੰਤਰੀ ਲੁਈਸ ਕ੍ਰੇਸੇਨਸੀਓ ਸੈਂਡੋਵਾਲ ਨੇ ਕਿਹਾ ਕਿ ਪ੍ਰਵਾਸੀ ਕੇਂਦਰੀ ਰਾਜ ਸੈਨ ਲੁਈਸ ਪੋਟੋਸੀ ਅਤੇ ਉਤਰ ਵੱਲ ਗੁਆਂਢੀ ਸੂਬੇ ਨਿਏਵੋ ਲਿਓਨ ਵਿਚ ਕਈ ਸਮੂਹਾਂ ਵਿੱਚ ਪਾਏ ਗਏ ਸਨ, ਜਿਨ੍ਹਾਂ ਵਿਚ ਵੀਰਵਾਰ ਨੂੰ ਤੜਕੇ ਲਗਭਗ 30 ਲੋਕ ਸ਼ਾਮਲ ਸਨ।
ਅਗਵਾ ਹੋਏ ਇਨ੍ਹਾਂ ਪ੍ਰਵਾਸੀਆਂ ਨੂੰ ਲੱਭਣ ਲਈ ਚਲਾਈ ਗਈ ਮੁਹਿੰਮ ਵਿਚ ਮੈਕਸੀਕੋ ਦੇ ਸੈਂਕੜੇ ਹਥਿਆਰਬੰਦ ਬਲਾਂ ਦੇ ਮੈਂਬਰਾਂ ਨੇ ਹਿੱਸਾ ਲਿਆ ਸੀ। ਜਾਣਕਾਰੀ ਦਿੰਦਿਆਂ ਰੱਖਿਆ ਮੰਤਰੀ ਸੈਂਡੋਵਾਲ ਨੇ ਕਿਹਾ ਕਿ ਉਹ ਬਾਕੀ ਰਹਿੰਦੇ ਪ੍ਰਵਾਸੀਆਂ ਦੇ ਨਾਲ-ਨਾਲ ਬੱਸ ਡਰਾਈਵਰਾਂ ਦੀ ਭਾਲ ਕਰਨਗੇ। ਹਾਲਾਂਕਿ ਬੱਸ ਵਿਚ ਲਗਭਗ 50 ਯਾਤਰੀਆਂ ਦੇ ਮੌਜੂਦ ਹੋਣ ਦਾ ਅਨੁਮਾਨ ਸੀ।
ਇਹ ਵੀ ਪੜ੍ਹੋ: ਗੈਂਗਸਟਰ ਹਰਸਿਮਰਨਦੀਪ ਸਿੰਘ ਸਿੱਮਾ ਬਹਿਬਲ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਦੀ ਨਕਦੀ ਬਰਾਮਦ
ਦੱਸ ਦੇਈਏ ਕਿ ਬੱਸ ਕੰਪਨੀ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਅਗਵਾ ਮਾਮਲੇ ਦੀ ਜਾਣਕਾਰੀ ਦਿਤੀ ਸੀ ਤੇ ਦਸਿਆ ਸੀ ਕਿ ਪ੍ਰਵਾਸੀਆਂ ਦੀ ਰਿਹਾਈ ਲਈ ਉਸ ਤੋਂ 1500 ਡਾਲਰ (ਲੱਗਭਗ 1,24,155 ਭਾਰਤੀ ਰੁਪਏ) ਪ੍ਰਤੀ ਵਿਅਕਤੀ ਦੀ ਮੰਗ ਕੀਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸੈਨ ਲੁਈਸ ਪੋਟੋਸੀ ਅਤੇ ਨੁਏਵੋ ਲਿਓਨ ਇਲਾਕਿਆਂ 'ਚ ਬੱਸ ਦੇ ਯਾਤਰੀਆਂ ਦੀ ਭਾਲ ਜਾਰੀ ਹੈ। ਇਸ ਖੇਤਰ ਵਿਚ ਨਸ਼ੀਲੇ ਪਦਾਰਥਾਂ ਦੇ ਗਿਰੋਹ ਲੰਬੇ ਸਮੇਂ ਤੋਂ ਸਰਗਰਮ ਹਨ। ਇਸੇ ਤਰ੍ਹਾਂ ਦਾ ਇਕ ਸਮੂਹਕ ਅਗ਼ਵਾ ਦਾ ਮਾਮਲਾ ਉਤਰੀ ਸਰਹੱਦੀ ਸੂਬੇ ਸੋਨੋਰਾ ਵਿਚ ਵੀ ਸਾਹਮਣੇ ਆਇਆ ਹੈ। ਉਥੇ ਹੀ ਇਕ ਰਿਪੋਰਟ ਮੁਤਾਬਕ ਮਈ 2022 'ਚ ਡਰੱਗ ਕਾਰਟੇਲ ਗੈਂਗ ਨੇ 2000 ਲੋਕਾਂ ਨੂੰ ਅਗ਼ਵਾ ਕੀਤਾ ਸੀ।
ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ, ਇਹ ਜਾਪਦਾ ਹੈ ਕਿ ਗਿਰੋਹ ਅਤੇ ਕਾਰਟੈਲ ਪ੍ਰਵਾਸੀਆਂ ਤੋਂ ਮੈਕਸੀਕੋ ਪਾਰ ਕਰਨ ਲਈ ਫ਼ੀਸ ਵਸੂਲ ਰਹੇ ਹਨ, ਅਤੇ ਫਿਰ ਫ਼ਿਰੌਤੀ ਲਈ ਉਨ੍ਹਾਂ ਨੂੰ ਅਗ਼ਵਾ ਕਰ ਰਹੇ ਹਨ। ਹਾਲ ਹੀ ਦੇ ਮਹੀਨਿਆਂ 'ਚ ਮੈਕਸੀਕੋ 'ਚ ਅਜਿਹੇ ਵੱਡੇ ਪੱਧਰ 'ਤੇ ਪ੍ਰਵਾਸੀਆਂ ਦੇ ਅਗ਼ਵਾ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।