
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਇਸ ਸਮਾਗਮ ਤਹਿਤ ਸੰਗਤ ਲਈ ਕਾਫ਼ੀ ਵਧੀਆ ਪ੍ਰਬੰਧ ਕੀਤੇ ਗਏ ਸਨ।
ਲਾਹੌਰ (ਬਾਬਰ ਜਲੰਧਰੀ) - 'ਸ਼ਹੀਦਾਂ ਦੇ ਸਿਰਤਾਜ' ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੂਰੇ ਪਾਕਿਸਤਾਨ 'ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਸ਼ਹੀਦ ਗੰਜ ਪਾਤਸ਼ਾਹੀ ਪੰਜਵੀਂ 'ਚ ਸ਼ਹੀਦੀ ਜੋੜ ਮੇਲੇ 'ਚ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਈ। ਇਸ ਸਮਾਗਮ 'ਚ ਚੜ੍ਹਦੇ ਪੰਜਾਬ ਤੋਂ 161 ਦੇ ਕਰੀਬ ਸੰਗਤ ਗੁਰਦੁਆਰਾ ਸਾਹਿਬ ਪਹੁੰਚੀ, ਜਦਕਿ ਪਾਕਿਸਤਾਨ ਦੇ ਸਿੰਧ, ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਤੋਂ ਵੱਡੀ ਗਿਣਤੀ 'ਚ ਵੀ ਸੰਗਤ ਇੱਥੇ ਪਹੁੰਚੀ।
Guru Arjan dev ji martyrdom day celebrated with devotion in Pakistan
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਇਸ ਸਮਾਗਮ ਤਹਿਤ ਸੰਗਤ ਲਈ ਕਾਫ਼ੀ ਵਧੀਆ ਪ੍ਰਬੰਧ ਕੀਤੇ ਗਏ ਸਨ। ਗੁਰਦੁਆਰਾ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ, ਸੰਗਤ ਲਈ ਲੰਗਰ, ਠੰਡੇ ਪਾਣੀ ਅਤੇ ਗਰਮੀ ਤੋਂ ਬਚਾਅ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਸਨ। ਇਸ ਦੌਰਾਨ ਕਥਾਵਾਚਕਾਂ ਨੇ ਸੰਗਤ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ।
Guru Arjan dev ji martyrdom day celebrated with devotion in Pakistan
ਇਸ ਦੌਰਾਨ ਸਿੱਖ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਤੇ ਅਜ਼ੀਜ ਦੋਸਤ ਹਜ਼ਰਤ ਸਾਈਂ ਮੀਆਂ ਮੀਰ ਦੀ ਦਰਗਾਹ 'ਤੇ ਵੀ ਮੱਥਾ ਵੀ ਟੇਕਿਆ। ਗੁਰੂ ਅਰਜਨ ਦੇਵ ਜੀ ਅਤੇ ਸਾਈਂ ਮੀਰ ਜੀ ਦਾ ਪਹਿਲੀ ਵਾਰ ਮਿਲਾਪ ਸਿਹਾਰੀ ਮੱਲ ਦੇ ਬੇਟੇ ਦੀ ਸ਼ਾਦੀ 'ਚ ਲਾਹੌਰ ਵਿਖੇ ਹੋਇਆ ਸੀ। ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ 1588 ਈਸਵੀ 'ਚ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਰਿਹਾ ਹੈ। ਉਹ ਦਇਆ ਤੇ ਰਹਿਮ ਦਾ ਸਾਗਰ ਸਨ।