
ਅਮਰੀਕਾ ਤੋਂ ਭਾਰਤ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਇਸ ਸਾਲ ਹੁਣ ਤਕ 40 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ
ਵਾਸ਼ਿੰਗਟਨ, 18 ਜੁਲਾਈ : ਅਮਰੀਕਾ ਤੋਂ ਭਾਰਤ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਇਸ ਸਾਲ ਹੁਣ ਤਕ 40 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਭਾਰਤ ’ਤੇ ਕੇਂਦਰਿਤ ਇਕ ਲਾਬਿੰਗ ਸਮੂਹ ਦਾ ਕਹਿਣਾ ਹੈ ਕਿ ਇਹ ਭਾਰਤ ਪ੍ਰਤੀ ਅਮਰੀਕੀ ਕੰਪਨੀਆਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਅਮਰੀਕਾ-ਭਾਰਤ ਰਣਨੀਤਕ ਅਤੇ ਭਾਈਵਾਲੀ ਮੰਚ (ਯੂ. ਐੱਸ. ਆਈ. ਐੱਸ. ਪੀ. ਐੱਫ.) ਦੇ ਪ੍ਰਧਾਨ ਮੁਕੇਸ਼ ਅਘੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਵਿਚਕਾਰ ਅਮਰੀਕੀ ਕੰਪਨੀਆਂ ਨੇ ਭਾਰਤ ’ਚ ਵੱਡਾ ਵਿਸ਼ਵਾਸ ਦਿਖਾਇਆ ਹੈ, ਜਦੋਂ ਕਿ ਵਿਸ਼ਵ ਆਰਥਿਕਤਾ ਇਸ ਸਮੇਂ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਤਰੀਕ ਤਕ ਭਾਰਤ ’ਚ ਅਮਰੀਕਾ ਤੋਂ ਨਿਵੇਸ਼ 40 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।
ਗਗਲ, ਫ਼ੇਸਬੁੱਕ ਅਤੇ ਵਾਲਮਾਰਟ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਿਵੇਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਾਲ ਹੀ ਦੇ ਹਫ਼ਤਿਆਂ ’ਚ ਅਮਰੀਕਾ ਵਲੋਂ ਭਾਰਤ ’ਚ 20 ਅਰਬ ਡਾਲਰ ਤੋਂ ਵੱਧ ਦਾ ਵਿਦੇਸ਼ੀ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਨਿਵੇਸ਼ਕਾਂ ਦਾ ਭਾਰਤ ’ਚ ਵਿਸ਼ਵਾਸ ਬਹੁਤ ਜ਼ਿਆਦਾ ਹੈ। ਵਿਦੇਸ਼ੀ ਨਿਵੇਸ਼ਕਾਂ ਲਈ ਅਜੇ ਵੀ ਭਾਰਤ ਇਕ ਬਹੁਤ ਹੀ ਆਕਰਸ਼ਕ ਬਾਜ਼ਾਰ ਹੈ। ਹਾਲ ਹੀ ’ਚ ਨਾ ਸਿਰਫ਼ 20 ਅਰਬ ਡਾਲਰ ਦਾ ਨਿਵੇਸ਼ ਅਮਰੀਕਾ, ਸਗੋਂ ਪਛਮੀ ਏਸ਼ੀਆ ਅਤੇ ਦੂਰ ਪੂਰਬ ਤੋਂ ਵੀ ਆਇਆ ਹੈ।’’ (ਪੀਟੀਆਈ)