
Donald Trump: 'ਕਮਲਾ ਹੈਰਿਸ ਨੂੰ ਹਰਾਉਣਾ ਜੋਅ ਬਾਈਡੇਨ ਨਾਲੋਂ ਆਸਾਨ ਹੈ'
Kamala Harris laughs like crazy, I'm more beautiful than her: Donald Trump: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਰੈਲੀ ਦੌਰਾਨ ਕਿਹਾ ਕਿ ਕਮਲਾ ਨੂੰ ਹਰਾਉਣਾ ਬਾਈਡੇਨ ਨਾਲੋਂ ਆਸਾਨ ਹੈ। ਟਰੰਪ ਨੇ ਕਮਲਾ ਹੈਰਿਸ ਨੂੰ ਕੱਟੜਪੰਥੀ ਵੀ ਕਿਹਾ। ਇਸ ਤੋਂ ਇਲਾਵਾ ਟਰੰਪ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਵੀ ਮਜ਼ਾਕ ਉਡਾਇਆ।
ਟਰੰਪ ਨੇ ਰੈਲੀ ਦੌਰਾਨ ਲੋਕਾਂ ਨੂੰ ਕਿਹਾ ਕਿ ਤੁਸੀਂ ਉਸ ਦਾ ਹਸਣਾ ਸੁਣਿਆ ਹੈ, ਉਹ ਪਾਗਲਾਂ ਵਾਂਗ ਹਸਦੀ ਹੈ। ਡੋਨਾਲਡ ਟਰੰਪ ਅਮਰੀਕੀ ਰਾਜ ਪੈਨਸਿਲਵੇਨੀਆ ਦੇ ਉੱਤਰ-ਪੂਰਬੀ ਸ਼ਹਿਰ ਵਿਲਕਸ-ਬੈਰੇ ਵਿਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦੌਰਾਨ ਟਰੰਪ ਨੇ ਕਮਲਾ ਹੈਰਿਸ ਨੂੰ ਕੱਟੜਪੰਥੀ ਵੀ ਕਿਹਾ।
ਅਮਰੀਕਾ ’ਚ ਇਸ ਸਾਲ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਚੋਣ ’ਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਵਿਚਾਲੇ ਸਿੱਧਾ ਮੁਕਾਬਲਾ ਹੈ। ਕਮਲਾ ਹੈਰਿਸ ਅੱਜ ਪੈਨਸਿਲਵੇਨੀਆ ਦੇ ਪੱਛਮੀ ਇਲਾਕਿਆਂ ਦਾ ਵੀ ਦੌਰਾ ਕਰੇਗੀ। ਇਸ ਦੌਰਾਨ ਉਹ ਬੱਸ ਰਾਹੀਂ ਰੋਡ ਸ਼ੋਅ ਵੀ ਕਰੇਗੀ। ਸੋਮਵਾਰ ਤੋਂ ਸ਼ਿਕਾਗੋ ’ਚ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰੀ ਕਨਵੈਨਸ਼ਨ ਵੀ ਸ਼ੁਰੂ ਹੋ ਰਹੀ ਹੈ। ਇਸ ਕਨਵੈਨਸ਼ਨ ਵਿੱਚ ਕਮਲਾ ਹੈਰਿਸ ਨੂੰ ਅਧਿਕਾਰਤ ਤੌਰ ’ਤੇ ਪਾਰਟੀ ਦੀ ਪ੍ਰਧਾਨ ਉਮੀਦਵਾਰ ਵਜੋਂ ਚੁਣਿਆ ਜਾਵੇਗਾ।
ਟਰੰਪ ਨੇ ਰੈਲੀ ਦੌਰਾਨ ਕਮਲਾ ਹੈਰਿਸ ਬਾਰੇ ਨਿੱਜੀ ਟਿੱਪਣੀਆਂ ਵੀ ਕੀਤੀਆਂ। ਟਰੰਪ ਨੇ ਕਿਹਾ ਕਿ ਉਹ ਕਮਲਾ ਹੈਰਿਸ ਤੋਂ ਜ਼ਿਆਦਾ ਖ਼ੂਬਸੂਰਤ ਹੈ। ਟਰੰਪ ਨੇ ਇਹ ਬਿਆਨ ਟਾਈਮ ਮੈਗਜ਼ੀਨ ’ਚ ਪ੍ਰਕਾਸ਼ਿਤ ਕਮਲਾ ਹੈਰਿਸ ਦੇ ਸਕੈਚ ਨੂੰ ਲੈ ਕੇ ਦਿਤਾ ਹੈ। ਟਰੰਪ ਨੇ ਕਿਹਾ ਕਿ ਮੈਗਜ਼ੀਨ ਨੇ ਕਮਲਾ ਹੈਰਿਸ ਦੀਆਂ ਕਈ ਤਸਵੀਰਾਂ ਲਈਆਂ ਪਰ ਉਹ ਕੰਮ ਨਹੀਂ ਆਈਆਂ ਇਸ ਲਈ ਉਸ ਨੂੰ ਸਕੈਚ ਬਣਾਉਣਾ ਪਿਆ।
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਹੈਰਿਸ ਇਕ ਖ਼ੂਬਸੂਰਤ ਔਰਤ ਹੈ। ਇਸ ਤੋਂ ਪਹਿਲਾਂ ਵੀ ਟਰੰਪ ਨੇ ਐਲੋਨ ਮਸਕ ਨਾਲ ਗੱਲਬਾਤ ਦੌਰਾਨ ਕਮਲਾ ਹੈਰਿਸ ਨੂੰ ਖ਼ੂਬਸੂਰਤ ਔਰਤ ਕਿਹਾ ਸੀ। ਹੈਰਿਸ ’ਤੇ ਟਰੰਪ ਦੇ ਨਿੱਜੀ ਬਿਆਨਾਂ ਨੂੰ ਲੈ ਕੇ ਕਈ ਅਮਰੀਕੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਚੋਣਾਂ ’ਚ ਟਰੰਪ ਨੂੰ ਨੁਕਸਾਨ ਹੋ ਸਕਦਾ ਹੈ। (ਏਜੰਸੀ)