
Russia News : ਪ੍ਰਮਾਣੂ ਸ਼ਕਤੀ ਦਾ ਸਮਰਥਨ ਪ੍ਰਾਪਤ ਦੇਸ਼ ਜੇਕਰ ਰੂਸ ’ਤੇ ਹਮਲਾ ਕਰਦਾ ਹੈ ਤਾਂ ਇਸ ਨੂੰ ਸਾਂਝਾ ਹਮਲਾ ਮੰਨਿਆ ਜਾਵੇਗਾ
Russia News : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਨਵੀਂ ਪ੍ਰਮਾਣੂ ਨੀਤੀ ’ਤੇ ਦਸਤਖਤ ਕਰਦਿਆਂ ਐਲਾਨ ਕੀਤਾ ਕਿ ਜੇਕਰ ਕੋਈ ਵੀ ਪ੍ਰਮਾਣੂ ਸ਼ਕਤੀ ਦਾ ਸਮਰਥਨ ਪ੍ਰਾਪਤ ਦੇਸ਼ ਜੇਕਰ ਰੂਸ ’ਤੇ ਹਮਲਾ ਕਰਦਾ ਹੈ ਤਾਂ ਇਸ ਨੂੰ ਉਨ੍ਹਾਂ ਦੇ ਦੇਸ਼ ’ਤੇ ਸਾਂਝਾ ਹਮਲਾ ਮੰਨਿਆ ਜਾਵੇਗਾ। ਪੁਤਿਨ ਨੇ 24 ਫ਼ਰਵਰੀ, 2022 ਨੂੰ ਯੂਕਰੇਨ ’ਚ ਫ਼ੌਜੀਆਂ ਦੇ ਹਮਲੇ ਦੇ 1,000ਵੇਂ ਦਿਨ ਪ੍ਰਮਾਣੂ ਰੋਕਥਾਮ ਬਾਰੇ ਨਵੀਂ ਨੀਤੀ ਦਾ ਸਮਰਥਨ ਕੀਤਾ ਹੈ।
ਇਹ ਕਦਮ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਉਸ ਫੈਸਲੇ ਤੋਂ ਬਾਅਦ ਚੁਕਿਆ ਗਿਆ ਹੈ, ਜਿਸ ’ਚ ਯੂਕਰੇਨ ਨੂੰ ਰੂਸ ਦੇ ਅੰਦਰ ਅਮਰੀਕੀ ਸਪਲਾਈ ਕੀਤੀਆਂ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਉਣ ਦੀ ਇਜਾਜ਼ਤ ਦਿਤੀ ਗਈ ਸੀ।
ਰੂਸ ’ਤੇ ਕੋਈ ਵੀ ਵੱਡਾ ਹਵਾਈ ਹਮਲਾ ਪ੍ਰਮਾਣੂ ਪ੍ਰਤੀਕਿਰਿਆ ਦਾ ਕਾਰਨ ਬਣ ਸਕਦਾ ਹੈ। ਇਸ ਨੀਤੀ ’ਤੇ ਦਸਤਖਤ ਕਰਨਾ ਪੁਤਿਨ ਦੇ ਪਛਮੀ ਦੇਸ਼ਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰਨ ਲਈ ਰੂਸ ਦੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੇ ਇਸ਼ਾਰੇ ਨੂੰ ਦਰਸਾਉਂਦਾ ਹੈ।
ਰੂਸ ਨੇ ਯੂਕਰੇਨ ਦੇ ਰਿਹਾਇਸ਼ੀ ਇਲਾਕੇ ਨੂੰ ਤਿੰਨ ਦਿਨਾਂ ’ਚ ਤੀਜੀ ਵਾਰ ਨਿਸ਼ਾਨਾ ਬਣਾਇਆ, 12 ਲੋਕਾਂ ਦੀ ਮੌਤ
ਕੀਵ : ਰੂਸ ਨੇ ਯੂਕਰੇਨ ਦੇ ਰਿਹਾਇਸ਼ੀ ਇਲਾਕੇ ’ਤੇ ਤਿੰਨ ਦਿਨਾਂ ’ਚ ਤੀਜਾ ਹਵਾਈ ਹਮਲਾ ਕੀਤਾ, ਜਿਸ ’ਚ ਇਕ ਬੱਚੇ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਯੂਕਰੇਨ ਦੀ ਬਚਾਅ ਸੇਵਾ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਸਿਆ ਕਿ ਸੁਮੀ ਖੇਤਰ ਵਿਚ ਇਕ ‘ਸ਼ਹੀਦ’ ਡਰੋਨ ਦੇ ਹਮਲੇ ਵਿਚ ਦੋ ਬੱਚਿਆਂ ਸਮੇਤ 11 ਲੋਕ ਜ਼ਖਮੀ ਹੋ ਗਏ। ਮਲਬੇ ਹੇਠਾਂ ਹੋਰ ਹੋਰ ਲੋਕ ਫਸੇ ਹੋ ਸਕਦੇ ਹਨ। ਸਥਾਨਕ ਅਧਿਕਾਰੀਆਂ ਨੇ ਦਸਿਆ ਕਿ ਰੂਸ ਦੇ ਇਕ ਡਰੋਨ ਨੇ ਮੰਗਲਵਾਰ ਤੜਕੇ ਲੁਖੀਵ ਸ਼ਹਿਰ ਵਿਚ ਇਕ ਵਿਦਿਅਕ ਸੰਸਥਾ ਦੇ ਹੋਸਟਲ ਨੂੰ ਨਿਸ਼ਾਨਾ ਬਣਾਇਆ।
ਰੂਸ ਨੇ ਐਤਵਾਰ ਨੂੰ ਉੱਤਰੀ ਯੂਕਰੇਨ ਦੇ ਸੁਮੀ ਖੇਤਰ ਦੇ ਰਿਹਾਇਸ਼ੀ ਇਲਾਕੇ ’ਚ ਕਲੱਸਟਰ ਹਥਿਆਰਾਂ ਨਾਲ ਲੈਸ ਬੈਲਿਸਟਿਕ ਮਿਜ਼ਾਈਲ ਦਾਗ ਦਿਤੀ ਸੀ, ਜਿਸ ’ਚ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 84 ਹੋਰ ਜ਼ਖਮੀ ਹੋ ਗਏ ਸਨ। ਦਖਣੀ ਬੰਦਰਗਾਹ ਸ਼ਹਿਰ ਓਡੇਸਾ ’ਚ ਸੋਮਵਾਰ ਨੂੰ ਰੂਸੀ ਮਿਜ਼ਾਈਲ ਹਮਲੇ ’ਚ ਇਕ ਅਪਾਰਟਮੈਂਟ ਨੂੰ ਅੱਗ ਲਗ ਗਈ, ਜਿਸ ’ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 43 ਹੋਰ ਜ਼ਖਮੀ ਹੋ ਗਏ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਲਗਾਤਾਰ ਹਵਾਈ ਹਮਲਿਆਂ ਨੇ ਸਾਬਤ ਕਰ ਦਿਤਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਜੰਗ ਖਤਮ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ। ਜ਼ੇਲੈਂਸਕੀ ਨੇ ਕਿਹਾ, ‘‘ਰੂਸ ਦਾ ਹਰ ਨਵਾਂ ਹਮਲਾ ਪੁਤਿਨ ਦੇ ਅਸਲ ਇਰਾਦਿਆਂ ਦੀ ਪੁਸ਼ਟੀ ਕਰਦਾ ਹੈ। ਉਹ ਚਾਹੁੰਦਾ ਹੈ ਕਿ ਜੰਗ ਜਾਰੀ ਰਹੇ। ਉਹ ਸ਼ਾਂਤੀ ਬਹਾਲ ਕਰਨ ’ਚ ਦਿਲਚਸਪੀ ਨਹੀਂ ਰਖਦੇ । ਸਾਨੂੰ ਰੂਸ ਨੂੰ ਤਾਕਤ ਨਾਲ ਨਿਆਂਪੂਰਨ ਸ਼ਾਂਤੀ ਲਈ ਮਜਬੂਰ ਕਰਨਾ ਚਾਹੀਦਾ ਹੈ।’’
ਯੂਕਰੇਨ ਨੇ ਵੀ ਬ੍ਰਾਇਨਸਕ ਖੇਤਰ ’ਚ ਅਮਰੀਕਾ ’ਚ ਬਣੀ 6 ਏ.ਟੀ.ਏ.ਸੀ.ਐਮ. ਮਿਜ਼ਾਈਲਾਂ ਦਾਗੀਆਂ
ਮਾਸਕੋ : ਯੂਕਰੇਨ ਨੇ ਸੋਮਵਾਰ ਰਾਤ ਰੂਸ ਦੇ ਬ੍ਰਾਇਨਸਕ ਖੇਤਰ ’ਚ ਅਮਰੀਕਾ ’ਚ ਬਣੀ 6 ਏ.ਟੀ.ਏ.ਸੀ.ਐਮ. ਮਿਜ਼ਾਈਲਾਂ ਦਾਗੀਆਂ। ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਰੂਸੀ ਫੌਜ ਨੇ ਪੰਜ ਮਿਜ਼ਾਈਲਾਂ ਨੂੰ ਮਾਰ ਸੁੱਟਿਆ ਜਦਕਿ ਦੂਜੀ ਨੂੰ ਗੰਭੀਰ ਨੁਕਸਾਨ ਪਹੁੰਚਿਆ।
ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲ ਦੇ ਟੁਕੜੇ ਇਕ ਫੌਜੀ ਟਿਕਾਣੇ ਦੇ ਕੰਪਲੈਕਸ ਵਿਚ ਡਿੱਗੇ। ਉਨ੍ਹਾਂ ਕਿਹਾ ਕਿ ਅੱਗ ਮਿਜ਼ਾਈਲ ਦੇ ਮਲਬੇ ਕਾਰਨ ਲੱਗੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਵਾਸ਼ਿੰਗਟਨ ਨੇ ਰੂਸ ਨੂੰ ਨਿਸ਼ਾਨਾ ਬਣਾਉਣ ਲਈ ਯੂਕਰੇਨ ’ਤੇ ਅਮਰੀਕਾ ’ਚ ਬਣੀ ਲੰਬੀ ਦੂਰੀ ਦੀ ਮਿਜ਼ਾਈਲ ਦੀ ਵਰਤੋਂ ’ਤੇ ਲੱਗੀ ਪਾਬੰਦੀ ਹਟਾ ਦਿਤੀ ਹੈ।
ਹਾਲਾਂਕਿ, ਯੂਕਰੇਨ ਨੇ ਬ੍ਰਾਇਨਸਕ ਖੇਤਰ ’ਤੇ ਹਮਲਾ ਕਰਨ ਲਈ ਏ.ਟੀ.ਏ.ਸੀ.ਐਮ. ਮਿਜ਼ਾਈਲ ਦੀ ਵਰਤੋਂ ਦੀ ਤੁਰਤ ਪੁਸ਼ਟੀ ਨਹੀਂ ਕੀਤੀ। ਇਸ ਤੋਂ ਪਹਿਲਾਂ ਯੂਕਰੇਨ ਦੇ ਫੌਜ ਮੁਖੀ ਨੇ ਕਿਹਾ ਸੀ ਕਿ ਯੂਕਰੇਨ ਦੀ ਫੌਜ ਨੇ ਰੂਸ ਦੇ ਬ੍ਰਾਇਨਸਕ ਖੇਤਰ ਦੇ ਕਰਾਚੇਵ ਇਲਾਕੇ ’ਚ 1046ਵੇਂ ਲੌਜਿਸਟਿਕ ਸਪੋਰਟ ਸੈਂਟਰ ਦੇ ਹਥਿਆਰਾਂ ’ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ’ਚ ਹਮਲਾ ਹੋਇਆ, ਉਸ ਇਲਾਕੇ ’ਚ ਕਈ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਫੌਜ ਮੁਖੀ ਨੇ ਕਿਹਾ ਕਿ ਰੂਸੀ ਫੌਜ ਦੇ ਹਥਿਆਰ ਡਿਪੂਆਂ ’ਤੇ ਹਮਲੇ ਯੂਕਰੇਨ ਵਿਰੁਧ ਰੂਸ ਦੇ ਹਮਲੇ ਨੂੰ ਰੋਕਣ ਲਈ ਜਾਰੀ ਰਹਿਣਗੇ।
(For more news apart from Putin signed new policy on use of nuclear weapons news in punjabi News in Punjabi, stay tuned to Rozana Spokesman)