
ਮਿਆਂਮਾਰ ਤੇ ਸੀਰੀਆ ਸਮੇਤ ਦੁਨੀਆਂ ਭਰ 'ਚ ਯੁੱਧ, ਹਿੰਸਾ ਅਤੇ ਸ਼ੋਸ਼ਣ ਕਾਰਨ 6 ਕਰੋੜ 85 ਲੱਖ ਲੋਕ ਅਪਣੇ ਘਰ ਛੱਡਣ ਲਈ ਮਜ਼ਬੂਰ ਹੋਏ....
ਜੈਨੇਵਾ : ਮਿਆਂਮਾਰ ਤੇ ਸੀਰੀਆ ਸਮੇਤ ਦੁਨੀਆਂ ਭਰ 'ਚ ਯੁੱਧ, ਹਿੰਸਾ ਅਤੇ ਸ਼ੋਸ਼ਣ ਕਾਰਨ 6 ਕਰੋੜ 85 ਲੱਖ ਲੋਕ ਅਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ।
ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਵਲੋਂ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿਤੀ ਗਈ। ਰੀਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2017 ਦੇ ਅਖੀਰ ਤਕ ਇਹ ਗਿਣਤੀ ਸਾਲ 2016 ਦੀ ਤੁਲਨਾ ਵਿਚ ਘੱਟੋ-ਘੱਟ 30 ਲੱਖ ਤੋਂ ਜ਼ਿਆਦਾ ਸੀ। ਇਕ ਦਹਾਕੇ ਪਹਿਲਾਂ 4 ਕਰੋੜ 27 ਲੱਖ ਲੋਕ ਬੇਘਰ ਹੋਏ ਸਨ। ਇਸ ਗਿਣਤੀ 'ਚ 50 ਫ਼ੀ ਸਦੀ ਵਾਧਾ ਵੇਖਣ ਨੂੰ ਮਿਲਿਆ ਹੈ।
ਇਸ ਰੀਪੋਰਟ 'ਚ ਕਿਹਾ ਗਿਆ ਹੈ ਕਿ ਇਹ ਗਿਣਤੀ ਥਾਈਲੈਂਡ ਦੀ ਪੂਰੀ ਜਨਸੰਖਿਆ ਦੇ ਬਰਾਬਰ ਹੈ। ਪੂਰੀ ਦੁਨੀਆਂ 'ਚ ਵਿਸਥਾਪਿਤ ਹੋਏ ਲੋਕਾਂ ਦੀ ਗਿਣਤੀ ਹਰ 110 ਲੋਕਾਂ ਵਿਚੋਂ ਇਕ ਵਿਅਕਤੀ ਹੈ। ਸੰਯੁਕਤ ਰਾਸ਼ਟਰ ਵਿਚ ਵਿਸਥਾਪਿਤਾਂ ਲਈ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਕਿਹਾ, ''ਅਸੀਂ ਇਕ ਅਜਿਹੇ ਮੋੜ 'ਤੇ ਹਾਂ ਜਿਥੇ ਦੁਨੀਆ ਭਰ 'ਚ ਮਜ਼ਬੂਰ ਵਿਸਥਾਪਤ ਲੋਕਾਂ ਦੀ ਬਿਹਤਰੀ ਦੀ ਸਫ਼ਲਤਾ ਲਈ ਨਵੇਂ ਅਤੇ ਕਿਤੇ ਜ਼ਿਆਦਾ ਵਿਆਪਕ ਦ੍ਰਿਸ਼ਟੀਕੋਣ ਦੀ ਲੋੜ ਹੈ ਤਾਂ ਜੋ ਦੇਸ਼ ਜਾਂ ਭਾਈਚਾਰਾ ਇਸ ਤੋਂ ਨਜਿੱਠਣ ਵਿਚ ਇਕੱਲਾ ਨਾ ਪੈ ਜਾਏ।
'' ਉਨ੍ਹਾਂ ਨੇ ਇਥੇ ਰੀਪੋਰਟ ਜਾਰੀ ਕਰਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਇਨ੍ਹਾਂ ਵਿਚੋਂ 70 ਫ਼ੀ ਸਦੀ ਲੋਕ ਸਿਰਫ਼ 10 ਦੇਸ਼ਾਂ ਤੋਂ ਹਨ। ਇਨ੍ਹਾਂ ਦੇਸ਼ਾਂ ਵਿਚ ਸੀਰੀਆ, ਮਿਆਂਮਾਰ, ਈਰਾਨ, ਦਖਣੀ ਸੂਡਾਨ ਆਦਿ ਸ਼ਾਮਲ ਹਨ। ਨਾਲ ਹੀ ਰੀਪੋਰਟ 'ਚ ਇਹ ਵੀ ਦਸਿਆ ਗਿਆ ਕਿ ਪਿਛਲੇ ਸਾਲ 68.5 ਮਿਲੀਅਨ ਵਿਸਥਾਪਤ 85 ਫ਼ੀ ਸਦੀ ਗ਼ਰੀਬ ਜਾਂ ਮੱਧ ਆਮਦਨ ਵਾਲੇ ਦੇਸ਼ਾਂ ਤੋਂ ਆਏ ਸਨ। ਅੱਜ ਤਕ ਲੈਟਿਨ ਅਮਰੀਕਾ ਅਤੇ ਅਫ਼ਰੀਕਾ ਸਮੇਤ 14 ਦੇਸ਼ਾਂ ਨੇ ਸ਼ਰਨਾਰਥੀਆਂ ਦੀ ਗਿਣਤੀ ਨਾਲ ਨਜਿੱਠਣ ਲਈ ਸਕਾਰਾਤਮਕ ਉਪਾਅ ਕੀਤੇ ਹਨ। (ਪੀਟੀਆਈ)