
ਕਾਠਮੰਡੂ ’ਚ ਭਾਰੀ ਹੰਗਾਮੇ ਮਗਰੋਂ ਨੇਪਾਲ ਸਰਕਾਰ ਨੇ ਚੁਕਿਆ ਕਦਮ
ਕਾਠਮੰਡੂ: ਨੇਪਾਲ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਸ ਨੇ ਨਵੀਂ ਦਿੱਲੀ ਸਥਿਤੀ ਅਪਣੇ ਸਫ਼ਾਰਤਖਾਨੇ ਤੋਂ ਨਵੀਂ ਭਾਰਤੀ ਸੰਸਦ ’ਚ ਬਣਾਏ ਨਕਸ਼ਿਆਂ ਬਾਰੇ ਇਕ ਰੀਪੋਰਟ ਮੰਗੀ ਹੈ।
ਨੇਪਾਲ ਦੇ ਵਿਦੇਸ਼ ਮੰਤਰੀ ਐਨ.ਪੀ. ਸਾਊਦ ਨੇ ਕਿਹਾ ਕਿ ਨਵੀਂ ਦਿੱਲੀ ’ਚ ਨੇਪਾਲੀ ਸਫ਼ਾਰਤਖਾਨੇ ਨੂੰ ਹੁਕਮ ਦਿਤਾ ਗਿਆ ਹੈ ਕਿ ਉਹ ਭਾਰਤੀ ਸੰਸਦ ਭਵਨ ’ਚ ਬਣਾਏ ਨਕਸ਼ਿਆਂ ਬਾਰੇ ਇਕ ਰੀਪੋਰਟ ਭੇਜੇ।
ਸੰਘੀ ਸੰਸਦ ਦੀ ਕੌਮਾਂਤਰੀ ਸਬੰਧ ਕਮੇਟੀ ਦੀ ਮੰਗਲਵਾਰ ਨੂੰ ਹੋਈ ਬੈਠਕ ’ਚ ਸਾਊਦ ਨੇ ਕਿਹਾ ਕਿ ਸਫ਼ਾਰਤਖਾਨੇ ਨੂੰ ਨਕਸ਼ਿਆਂ ਬਾਰੇ ਭਾਰਤੀ ਪੱਖ ਤੋਂ ਪੁੱਛ-ਪੜਤਾਲ ਕਰ ਕੇ ਰੀਪੋਰਟ ਭੇਜਣ ਦਾ ਹੁਕਮ ਦਿਤਾ ਗਿਆ ਹੈ।
ਇਸ ਮੁੱਦੇ ’ਤੇ ਕਾਠਮੰਡੂ ’ਚ ਭਾਰੀ ਹੰਗਾਮਾ ਹੋਇਆ ਹੈ। ਹਾਲਾਂਕਿ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਾਲ ਨੇ ਕਿਹਾ ਹੈ ਕਿ ਨਵੀਂ ਦਿੱਲੀ ਦੀ ਉਨ੍ਹਾਂ ਦੀ ਯਾਤਰਾ ਦੌਰਾਨ ਭਾਰਤੀ ਧਿਰ ਨੇ ਸਪੱਸ਼ਟ ਕੀਤਾ ਕਿ ਇਹ ਇਕ ਸਭਿਆਚਾਰਕ ਨਕਸ਼ਾ ਸੀ, ਨਾ ਕਿ ਸਿਆਸੀ।
ਭਾਰਤ ਦੀ ਨਵੀਂ ਬਣੀ ਸੰਸਦ ’ਚ ਸਮਰਾਟ ਅਸ਼ੋਕ ਦੇ ਸਮੇਂ ਉਨ੍ਹਾਂ ਦੇ ਸਾਮਰਾਜ ਦੇ ਵਿਸਤਾਰ ਬਾਰੇ ਇਕ ਨਕਸ਼ਾ ਹੈ, ਜਿਸ ’ਤੇ ਨੇਪਾਲ ’ਚ ਵਿਵਾਦ ਪੈਦਾ ਹੋ ਗਿਆ ਸੀ ਕਿ ਭਾਰਤੀ ਸੰਸਦ ’ਚ ਅਖੰਡ ਭਾਰਤ ਦਾ ਨਕਸ਼ਾ ਹੈ ਜਿਸ ’ਚ ਨੇਪਾਲ ਨੂੰ ਵੀ ਭਾਰਤ ਦਾ ਹਿੱਸਾ ਬਣਾ ਲਿਆ ਗਿਆ ਹੈ।