
ਇਜ਼ਰਾਈਲੀ ਫ਼ੌਜ ਨੇ ਮੱਧ ਗਾਜ਼ਾ ਨੂੰ ਖ਼ਾਲੀ ਕਰਨ ਦੀ ਚੇਤਾਵਨੀ ਦਿਤੀ, ਜੰਗਬੰਦੀ ਦੀਆਂ ਕੋਸ਼ਿਸ਼ਾਂ ’ਚ ਕੋਈ ਸਫਲਤਾ ਨਹੀਂ ਮਿਲੀ
ਦੀਰ ਅਲ ਬਲਾਹ (ਗਾਜ਼ਾ ਪੱਟੀ), 20 ਜੁਲਾਈ : ਗਾਜ਼ਾ ’ਚ ਐਤਵਾਰ ਨੂੰ ਵੱਖ-ਵੱਖ ਥਾਵਾਂ ਉਤੇ ਭੋਜਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ 85 ਲੋਕਾਂ ਦੀ ਮੌਤ ਹੋ ਗਈ ਹੈ। ਫ਼ਲਸਤੀਨੀ ਖੇਤਰ ਦੇ ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿਤੀ।
ਮੰਤਰਾਲੇ ਅਤੇ ਸਥਾਨਕ ਹਸਪਤਾਲਾਂ ਮੁਤਾਬਕ ਸੱਭ ਤੋਂ ਵੱਧ ਮੌਤਾਂ ਉੱਤਰੀ ਗਾਜ਼ਾ ’ਚ ਹੋਈਆਂ, ਜਿੱਥੇ ਇਜ਼ਰਾਈਲ ਨਾਲ ਲਗਦੀ ਜ਼ਿਕਿਮ ਕਰਾਸਿੰਗ ਰਾਹੀਂ ਉੱਤਰੀ ਗਾਜ਼ਾ ’ਚ ਦਾਖਲ ਹੋ ਕੇ ਮਦਦ ਤਕ ਪਹੁੰਚਾਉਣ ਦੀ ਕੋਸ਼ਿਸ਼ ’ਚ ਘੱਟੋ-ਘੱਟ 79 ਫਲਸਤੀਨੀ ਮਾਰੇ ਗਏ। ਹਸਪਤਾਲਾਂ ਨੇ ਦਸਿਆ ਕਿ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ ਕੁੱਝ ਦੀ ਹਾਲਤ ਗੰਭੀਰ ਹੈ।
ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਨੂੰ ਇਜ਼ਰਾਈਲੀ ਫੌਜ ਨੇ ਮਾਰਿਆ ਹੈ ਜਾਂ ਹਥਿਆਰਬੰਦ ਗਿਰੋਹਾਂ ਨੇ ਜਾਂ ਦੋਹਾਂ ਨੇ। ਪਰ ਕੁੱਝ ਚਸ਼ਮਦੀਦਾਂ ਨੇ ਕਿਹਾ ਕਿ ਇਜ਼ਰਾਈਲੀ ਫੌਜ ਨੇ ਭੀੜ ਉਤੇ ਗੋਲੀ ਚਲਾਈ।
ਉੱਤਰੀ ਗਾਜ਼ਾ ਵਿਚ ਇਹ ਹੱਤਿਆਵਾਂ ਗਾਜ਼ਾ ਮਨੁੱਖਤਾਵਾਦੀ ਫੰਡ ਜਾਂ ਜੀ.ਐਚ.ਐਫ. ਨਾਲ ਜੁੜੇ ਸਹਾਇਤਾ ਵੰਡ ਕੇਂਦਰਾਂ ਦੇ ਨੇੜੇ ਨਹੀਂ ਹੋਈਆਂ। ਜੀ.ਐਚ.ਐਫ. ਅਮਰੀਕਾ ਅਤੇ ਇਜ਼ਰਾਈਲ ਸਮਰਥਿਤ ਸਮੂਹ ਹੈ ਜੋ ਫਿਲਸਤੀਨੀਆਂ ਨੂੰ ਭੋਜਨ ਦੇ ਪੈਕੇਟ ਦਿੰਦਾ ਹੈ। ਚਸ਼ਮਦੀਦਾਂ ਅਤੇ ਸਿਹਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਮੂਹ ਦੇ ਵੰਡ ਸਥਾਨਾਂ ਤਕ ਪਹੁੰਚਣ ਦੀ ਕੋਸ਼ਿਸ਼ ਦੌਰਾਨ ਇਜ਼ਰਾਈਲੀ ਗੋਲੀਬਾਰੀ ਵਿਚ ਸੈਂਕੜੇ ਲੋਕ ਮਾਰੇ ਗਏ ਹਨ। ਹਾਲਾਂਕਿ ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਹੋਈਆਂ ਹੱਤਿਆਵਾਂ ਉਤੇ ਤੁਰਤ ਕੋਈ ਟਿਪਣੀ ਨਹੀਂ ਕੀਤੀ।
ਇਸ ਦੌਰਾਨ, ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਮੱਧ ਗਾਜ਼ਾ ਦੇ ਖੇਤਰਾਂ ਲਈ ਲੋਕਾਂ ਨੂੰ ਕੱਢਣ ਦੀ ਨਵੀਂ ਚੇਤਾਵਨੀ ਪ੍ਰਕਾਸ਼ਤ ਕੀਤੀ, ਜੋ ਉਨ੍ਹਾਂ ਕੁੱਝ ਖੇਤਰਾਂ ’ਚੋਂ ਇਕ ਹੈ ਜਿੱਥੇ ਫੌਜ ਨੇ ਜ਼ਮੀਨੀ ਫ਼ੌਜੀਆਂ ਨਾਲ ਬਹੁਤ ਘੱਟ ਕੰਮ ਕੀਤਾ ਹੈ। ਲੋਕਾਂ ਨੂੰ ਕੱਢਣ ਨਾਲ ਦੇਰ ਅਲ-ਬਲਾਹ ਸ਼ਹਿਰ ਅਤੇ ਦਖਣੀ ਸ਼ਹਿਰਾਂ ਰਫਾਹ ਅਤੇ ਖਾਨ ਯੂਨਿਸ ਵਿਚਾਲੇ ਸੰਪਰਕ ਟੁੱਟ ਜਾਵੇਗਾ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਇਜ਼ਰਾਈਲ ਅਤੇ ਹਮਾਸ ਕਤਰ ਵਿਚ ਜੰਗਬੰਦੀ ਗੱਲਬਾਤ ਕਰ ਰਹੇ ਹਨ ਪਰ ਕੌਮਾਂਤਰੀ ਵਿਚੋਲਿਆਂ ਦਾ ਕਹਿਣਾ ਹੈ ਕਿ ਕੋਈ ਸਫਲਤਾ ਨਹੀਂ ਮਿਲੀ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ ਹੈ ਕਿ ਗਾਜ਼ਾ ਵਿਚ ਇਜ਼ਰਾਈਲ ਦੇ ਫੌਜੀ ਅਭਿਆਨ ਦਾ ਵਿਸਥਾਰ ਕਰਨ ਨਾਲ ਹਮਾਸ ਉਤੇ ਗੱਲਬਾਤ ਕਰਨ ਲਈ ਦਬਾਅ ਪਵੇਗਾ, ਪਰ ਗੱਲਬਾਤ ਕਈ ਮਹੀਨਿਆਂ ਤੋਂ ਰੁਕੀ ਹੋਈ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਇਜ਼ਰਾਈਲੀ ਫੌਜ ਨੇ ਕਿਹਾ ਸੀ ਕਿ ਉਸ ਨੇ ਗਾਜ਼ਾ ਪੱਟੀ ਦੇ 65 ਫੀ ਸਦੀ ਤੋਂ ਜ਼ਿਆਦਾ ਹਿੱਸੇ ਉਤੇ ਕਬਜ਼ਾ ਕਰ ਲਿਆ ਹੈ।
ਪੋਪ ਲਿਓ ਨੇ ਗਾਜ਼ਾ ਵਿਚ ਤੁਰਤ ਜੰਗਬੰਦੀ ਦੀ ਮੰਗ ਦੁਹਰਾਈ
ਕੈਸਲ ਗੈਂਡੋਲਫ਼ੋ : ਪੋਪ ਲਿਓ 14ਵੇਂ ਨੇ ਐਤਵਾਰ ਨੂੰ ਗਾਜ਼ਾ ਵਿਚ ਤੁਰਤ ਜੰਗਬੰਦੀ ਦੀ ਮੰਗ ਕੀਤੀ ਅਤੇ ਕੌਮਾਂਤਰੀ ਭਾਈਚਾਰੇ ਨੂੰ ਕੌਮਾਂਤਰੀ ਕਾਨੂੰਨਾਂ ਅਤੇ ਨਾਗਰਿਕਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦਾ ਸਨਮਾਨ ਕਰਨ ਦੀ ਅਪੀਲ ਕੀਤੀ।
ਕੈਸਟਲ ਗੈਂਡੋਲਫੋ ਵਿਚ ਅਪਣੀ ਗਰਮੀਆਂ ਦੀ ਵਾਪਸੀ ਤੋਂ ਬਾਅਦ ਐਤਵਾਰ ਦੀ ਐਂਜਲਸ ਪ੍ਰਾਰਥਨਾ ਦੇ ਅੰਤ ਉਤੇ ਪੋਪ ਨੇ ਕਿਹਾ, ‘‘ਮੈਂ ਇਕ ਵਾਰ ਫਿਰ ਇਸ ਜੰਗ ਦੀ ਬਰਬਰਤਾ ਨੂੰ ਤੁਰਤ ਖਤਮ ਕਰਨ ਅਤੇ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਦੀ ਮੰਗ ਕਰਦਾ ਹਾਂ।’’ ਪੋਪ ਲਿਓ ਨੇ ਵੀਰਵਾਰ ਨੂੰ ਗਾਜ਼ਾ ਪੱਟੀ ਦੇ ਇਕਲੌਤੇ ਕੈਥੋਲਿਕ ਚਰਚ ਉਤੇ ਇਜ਼ਰਾਈਲ ਦੇ ਹਮਲੇ ਉਤੇ ਡੂੰਘਾ ਦੁੱਖ ਜ਼ਾਹਰ ਕੀਤਾ, ਜਿਸ ਵਿਚ ਪੈਰਿਸ਼ ਪਾਦਰੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।
ਪੋਪ ਨੇ ਕਿਹਾ, ‘‘ਮੈਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਉਹ ਮਨੁੱਖਤਾਵਾਦੀ ਕਾਨੂੰਨ ਦੀ ਪਾਲਣਾ ਕਰਨ ਅਤੇ ਨਾਗਰਿਕਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਸਮੂਹਿਕ ਸਜ਼ਾ, ਤਾਕਤ ਦੀ ਅੰਨ੍ਹੇਵਾਹ ਵਰਤੋਂ ਅਤੇ ਆਬਾਦੀ ਦੇ ਜ਼ਬਰਦਸਤੀ ਵਿਸਥਾਪ ਦੀ ਮਨਾਹੀ ਦਾ ਸਨਮਾਨ ਕਰਨ।’’