
ਮੈਕਸੀਕੋ ਵਿਚ 1985 ਅਤੇ 2017 ਵਿਚ ਇਸੇ ਦਿਨ ਭਾਵ 19 ਸਤੰਬਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਮੈਕਸੀਕੋ: ਸੋਮਵਾਰ ਦੇਰ ਰਾਤ ਮੈਕਸੀਕੋ 'ਚ ਪ੍ਰਸ਼ਾਂਤ ਮਹਾਸਾਗਰ ਦੇ ਤੱਟ 'ਤੇ 7.5 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 1:05 ਵਜੇ ਆਇਆ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਵੱਡੇ ਖੇਤਰ ਵਿਚ ਬਿਜਲੀ ਗੁੱਲ ਹੋ ਗਈ। ਮੈਕਸੀਕੋ ਵਿਚ 1985 ਅਤੇ 2017 ਵਿਚ ਇਸੇ ਦਿਨ ਭਾਵ 19 ਸਤੰਬਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 19 ਸਤੰਬਰ 1985 ਨੂੰ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 8 ਮਾਪੀ ਗਈ ਸੀ। ਇਸ ਭੂਚਾਲ ਕਾਰਨ ਘੱਟੋ-ਘੱਟ 5000 ਲੋਕਾਂ ਦੀ ਮੌਤ ਹੋ ਗਈ ਸੀ। 19 ਸਤੰਬਰ 2017 ਨੂੰ ਆਏ ਭੂਚਾਲ ਦੀ ਤੀਬਰਤਾ 7.1 ਸੀ ਅਤੇ 370 ਲੋਕ ਮਾਰੇ ਗਏ ਸਨ।
ਮੈਕਸੀਕੋ ਸਰਕਾਰ ਨੇ ਕਿਹਾ ਕਿ ਪ੍ਰਸ਼ਾਂਤ ਮਹਾਸਾਗਰ 'ਤੇ ਮੰਜ਼ਾਨੀਲੋ ਵਿਚ ਇਕ ਡਿਪਾਰਟਮੈਂਟ ਸਟੋਰ ਦੀ ਛੱਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪੱਛਮੀ ਰਾਜ ਮਿਕੋਆਕਨ ਵਿਚ ਭੂਚਾਲ ਦੇ ਕੇਂਦਰ ਦੇ ਨੇੜੇ ਕਈ ਹਸਪਤਾਲਾਂ ਨੂੰ ਵੀ ਨੁਕਸਾਨ ਪਹੁੰਚਿਆ। ਸਰਕਾਰ ਨੇ ਕਿਹਾ ਕਿ ਹਸਪਤਾਲ 'ਚ ਸ਼ੀਸ਼ਾ ਡਿੱਗਣ ਨਾਲ ਇਕ ਵਿਅਕਤੀ ਜ਼ਖਮੀ ਹੋ ਗਿਆ। ਦੁਪਹਿਰ 1 ਵਜੇ ਤੋਂ ਥੋੜ੍ਹੀ ਦੇਰ ਬਾਅਦ 7.6 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ ਇਸ ਦਾ ਕੇਂਦਰ ਪੱਛਮੀ ਤੱਟ ਅਤੇ ਕੋਲੀਮਾ ਰਾਜ ਦੇ ਨਾਲ ਮਿਕੋਆਕਨ ਸਰਹੱਦ ਦੇ ਨੇੜੇ ਸੀ। ਭੂਚਾਲ ਦਾ ਕੇਂਦਰ ਬਾਕੀਆਂ ਨਾਲੋਂ ਬਹੁਤ ਘੱਟ ਸੀ। ਇਸ ਦੀ ਡੂੰਘਾਈ ਸਿਰਫ 15 ਕਿਲੋਮੀਟਰ ਸੀ, ਜਿਸ ਕਾਰਨ ਇਸ ਦਾ ਅਸਰ ਸਾਹਮਣੇ ਆਇਆ।
ਯੂਐਸ ਪੈਸੀਫਿਕ ਸੁਨਾਮੀ ਚੇਤਾਵਨੀ ਕੇਂਦਰ ਨੇ ਮੈਕਸੀਕੋ ਦੇ ਤੱਟ ਦੇ ਕੁਝ ਹਿੱਸਿਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਲਹਿਰਾਂ 1 ਤੋਂ 3 ਮੀਟਰ (3 ਤੋਂ 9 ਫੁੱਟ) ਤੱਕ ਸਮੁੰਦਰੀ ਪੱਧਰ ਤੋਂ ਉੱਚੀਆਂ ਹੋ ਸਕਦੀਆਂ ਹਨ। ਮੈਕਸੀਕੋ ਸਿਟੀ ਦੀ ਮੇਅਰ ਕਲਾਉਡੀਆ ਸ਼ੇਨਬੌਮ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਰਾਜਧਾਨੀ ਵਿਚ ਕਿਸੇ ਵੱਡੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਮੈਕਸੀਕੋ ਦੀ ਨੈਸ਼ਨਲ ਆਟੋਨੋਮਸ ਯੂਨੀਵਰਸਿਟੀ (UNAM) ਨੇ ਕਿਹਾ ਕਿ ਇਕ ਦਿਨ ਵਿਚ ਤਿੰਨ ਵੱਡੇ ਭੂਚਾਲਾਂ ਦੀ ਕੋਈ ਵਿਗਿਆਨਕ ਵਿਆਖਿਆ ਨਹੀਂ ਹੈ। ਇਹ ਮਹਿਜ਼ ਇਤਫ਼ਾਕ ਹੈ।