
ਰਿਕਟਰ ਪੈਮਾਨੇ 'ਤੇ 4.3 ਮਾਪੀ ਗਈ ਤੀਬਰਤਾ
ਕਾਰਗਿਲ: ਲੱਦਾਖ ਦੇ ਕਾਰਗਿਲ 'ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਦੱਸਿਆ ਕਿ ਸੋਮਵਾਰ ਸਵੇਰੇ ਲੱਦਾਖ ਦੇ ਕਾਰਗਿਲ ਵਿੱਚ ਰਿਕਟਰ ਪੈਮਾਨੇ 'ਤੇ 4.3 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਸਵੇਰੇ ਕਰੀਬ ਸਾਢੇ 9 ਵਜੇ ਆਇਆ। ਇਹ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਐਨਸੀਐਸ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਕਾਰਗਿਲ ਤੋਂ 151 ਕਿਲੋਮੀਟਰ ਪੱਛਮ ਉੱਤਰ-ਪੱਛਮ ਵਿੱਚ ਸੀ।
ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਦੱਸ ਦੇਈਏ ਕਿ ਐਤਵਾਰ ਨੂੰ ਪਿਛਲੇ 24 ਘੰਟਿਆਂ 'ਚ ਦੁਨੀਆ ਦੇ 6 ਦੇਸ਼ ਭੂਚਾਲ ਨਾਲ ਹਿੱਲ ਗਏ ਸਨ। ਭਾਰਤ ਦੇ ਕੁਝ ਰਾਜਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤਾਇਵਾਨ ਵਿੱਚ 6.9 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਇੱਥੇ ਕਈ ਇਮਾਰਤਾਂ ਜ਼ਮੀਨਦੋਜ਼ ਹੋ ਗਈਆਂ।
ਸੜਕਾਂ ਵਿਚਕਾਰ ਤਰੇੜਾਂ ਸਨ। ਕਈ ਪੁਲ ਵੀ ਟੁੱਟ ਗਏ। ਇਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਆ ਚੁੱਕੀਆਂ ਹਨ। ਤਾਈਵਾਨ ਤੋਂ ਇਲਾਵਾ ਜਾਪਾਨ ਅਤੇ ਚੀਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਕੱਲ੍ਹ ਤੋਂ ਲੈ ਕੇ ਹੁਣ ਤੱਕ ਇਕੱਲੇ ਇਨ੍ਹਾਂ ਤਿੰਨਾਂ ਦੇਸ਼ਾਂ ਵਿੱਚ ਹੀ 50 ਤੋਂ ਵੱਧ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। ਤਾਈਵਾਨ 'ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।