
ਲੜਕੀ ਦੀ ਕੁੱਟ-ਮਾਰ ਹੋਰ ਵਿਦਿਆਰਥੀਆਂ ਦੇ ਨਾਲ ਇੱਕ ਆਗੂ ਅਯਾਤੁੱਲਾ ਅਲੀ ਖਮੇਨੀ ਦੀ ਪ੍ਰਸ਼ੰਸਾ ਕਰਨ ਵਾਲਾ ਗੀਤ ਗਾਉਣ ਤੋਂ ਇਨਕਾਰ ਕਰਨ ਕਰਕੇ ਕੀਤੀ ਗਈ ਸੀ।
ਤਹਿਰਾਨ - ਸੁਰੱਖਿਆ ਬਲਾਂ ਵੱਲੋਂ ਇੱਕ 16 ਸਾਲਾ ਈਰਾਨੀ ਕੁੜੀ ਦੀ ਕਲਾਸਰੂਮ ਵਿੱਚ ਕਥਿਤ ਤੌਰ 'ਤੇ ਕੀਤੀ ਕੁੱਟਮਾਰ ਤੋਂ ਬਾਅਦ ਮੌਤ ਹੋ ਗਈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਲੜਕੀ ਦੀ ਕੁੱਟ-ਮਾਰ ਹੋਰ ਵਿਦਿਆਰਥੀਆਂ ਦੇ ਨਾਲ ਇੱਕ ਆਗੂ ਅਯਾਤੁੱਲਾ ਅਲੀ ਖਮੇਨੀ ਦੀ ਪ੍ਰਸ਼ੰਸਾ ਕਰਨ ਵਾਲਾ ਗੀਤ ਗਾਉਣ ਤੋਂ ਇਨਕਾਰ ਕਰਨ ਕਰਕੇ ਕੀਤੀ ਗਈ ਸੀ।
ਪ੍ਰਾਪਤ ਰਿਪੋਰਟ ਮੁਤਾਬਿਕ ਇਹ ਘਟਨਾ ਪਿਛਲੇ ਹਫ਼ਤੇ ਉੱਤਰ-ਪੱਛਮੀ ਅਰਦਾਬਿਲ ਸ਼ਹਿਰ ਵਿੱਚ ਵਾਪਰੀ ਜਦੋਂ ਸੁਰੱਖਿਆ ਬਲ ਸ਼ਹੀਦ ਗਰਲਜ਼ ਹਾਈ ਸਕੂਲ ਵਿੱਚ ਛਾਪੇਮਾਰੀ ਕਰ ਰਹੇ ਸਨ। ਸੁਰੱਖਿਆ ਬਲਾਂ ਨੇ ਕੁੜੀਆਂ ਨੂੰ ਉਕਤ ਗੀਤ ਗਾਉਣ ਲਈ ਮਜਬੂਰ ਕੀਤਾ, ਪਰ ਜਦੋਂ ਹੋਰਨਾਂ ਨਾਲ ਆਸਰਾ ਪਨਾਹੀ ਨੇ ਇਸ 'ਤੇ ਵਿਰੋਧ ਜਤਾਇਆ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ਈਰਾਨੀ ਅਧਿਆਪਕ ਸੰਗਠਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਸਰਾ ਪਨਾਹੀ ਨੇ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਹਾਲਾਂਕਿ, ਸੰਬੰਧਿਤ ਧਿਰ ਨੇ ਆਸਰਾ ਪਨਾਹੀ ਦੀ ਮੌਤ ਦੀ ਜ਼ਿੰਮੇਵਾਰ ਹੋਣ ਤੋਂ ਇਨਕਾਰ ਕੀਤਾ ਹੈ।
ਆਸਰਾ ਪਨਾਹੀ ਦੀ ਮੌਤ ਅਜਿਹੇ ਸਮੇਂ ਹੋਈ ਹੈ ਜਦੋਂ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਈਰਾਨ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਦੌਰ ਚੱਲ ਰਿਹਾ ਹੈ। 22 ਸਾਲਾ ਮਾਹਸਾ ਅਮੀਨੀ ਦੀ ਹਿਰਾਸਤ ਵਿੱਚ ਹੋਈ ਮੌਤ ਤੋਂ ਬਾਅਦ ਈਰਾਨ ਵਿੱਚ ਔਰਤਾਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਹਨ। ਮਾਹਸਾ ਅਮੀਨੀ ਨੂੰ ਇਰਾਨ ਦੀ ਬਦਨਾਮ 'ਨੈਤਿਕਤਾ ਪੁਲਿਸ' ਨੇ ਹਿਜਾਬ ਨਾ ਪਹਿਨਣ ਕਾਰਨ ਗ੍ਰਿਫ਼ਤਾਰ ਕੀਤਾ ਸੀ।