
ਜਾਪਾਨ ਦੀ ਕਾਰ ਕੰਪਨੀ ਨਿਸਾਨ ਮੋਟਰ ਦੇ ਚੇਅਰਮੈਨ ਕਾਰਲਸ ਘੋਸ਼ (64) ਨੂੰ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ........
ਟੋਕਿਓ : ਜਾਪਾਨ ਦੀ ਕਾਰ ਕੰਪਨੀ ਨਿਸਾਨ ਮੋਟਰ ਦੇ ਚੇਅਰਮੈਨ ਕਾਰਲਸ ਘੋਸ਼ (64) ਨੂੰ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਜਾਪਾਨ ਦੇ ਵਿੱਤੀ ਕਾਨੂੰਨ ਦੀ ਉਲੰਘਣਾ ਦਾ ਦੋਸ਼ ਹੈ। ਨਿਸਾਨ ਨੇ ਵੀ ਦੋਸ਼ਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਾਰਲਸ ਨੇ ਕਈ ਸਾਲਾਂ ਤਕ ਅਪਣੀ ਆਮਦਨ ਅਸਲ ਤੋਂ ਘੱਟ ਦੱਸੀ ਹੈ। ਉਸ ਨੇ ਕੰਪਨੀ ਦੇ ਪੈਸਿਆਂ ਦੀ ਨਿੱਜੀ ਵਰਤੋਂ ਕੀਤੀ ਹੈ। ਵਿਹਸਲ ਬਲੋਅਰ ਦੀ ਸ਼ਿਕਾਇਤ 'ਤੇ ਕਾਰਲਸ ਵਿਰੁਧ ਜਾਂਚ ਸ਼ੁਰੂ ਹੋ ਗਈ ਸੀ। ਉਸ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿਤਾ ਹੈ।
ਕੰਪਨੀ ਦੇ ਇਕ ਡਾਇਰੈਕਟਰ ਗ੍ਰੇਗ ਕੈਲੀ 'ਤੇ ਵੀ ਅਜਿਹੇ ਦੋਸ਼ ਹਨ। ਉਸ ਨੂੰ ਵੀ ਬਾਹਰ ਕਰ ਦਿਤਾ ਗਿਆ ਹੈ। ਕਾਰਲਸ ਫ਼ਰਾਂਸ ਦੀ ਆਟੋ ਕੰਪਨੀ ਰੇਨੋ ਦੇ ਚੇਅਰਮੈਨ ਅਤੇ ਸੀਈਓ ਵੀ ਹਨ। ਕਾਰਲਸ ਦੀ ਗਿਣਤੀ ਜਾਪਾਨ ਦੇ ਉੱਚ ਕਾਰਜ਼ਕਾਰੀਆਂ ਵਿਚ ਹੁੰਦੀ ਹੈ। ਉਸ ਨੇ ਹੀ ਨਿਸਾਨ ਨੂੰ ਦਿਵਾਲਿਆ ਹੋਣ ਤੋਂ ਬਚਾਇਆ ਸੀ। ਸਾਲ 1999 ਵਿਚ ਰੇਨੋ ਨੇ ਨਿਸਾਨ ਵਿਚ ਕੰਟ੍ਰੋਲਿੰਗ ਹਿੱਸੇਦਾਰੀ ਖ੍ਰੀਦੀ ਸੀ। ਉਸ ਤੋਂ ਬਾਦ ਕਾਰਲਸ ਨਿਸਾਨ ਨਾਲ ਜੁੜੇ ਅਤੇ 2001 ਵਿਚ ਸੀਈਓ ਬਣ ਗਏ ਸੀ।