
ਅਤਿਵਾਦ ਦੇ ਸਫਾਏ ਲਈ ਪਾਕਿਸਤਾਨ ਕਰੇ ਹੋਰ ਕੋਸ਼ਿਸ਼ : ਅਮਰੀਕਾ
ਵਾਸ਼ਿੰਗਟਨ : ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਆਪਣੇ ਦੇਸ਼ 'ਚੋਂ ਅੱਤਵਾਦ ਨੂੰ ਖਤਮ ਕਰਨ ਲਈ ਹੋਰ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਪਾਕਿਸਤਾਨ ਨੂੰ ਸਿਰਫ ਤਾਲਿਬਾਨ ਵਿਰੁੱਧ ਹੀ ਨਹੀਂ, ਸਗੋਂ ਕਿ ਦੂਜੇ ਅੱਤਵਾਦੀ ਸੰਗਠਨਾਂ 'ਤੇ ਵੀ ਕਾਰਵਾਈ ਕਰਨ ਦੀ ਲੋੜ ਹੈ। ਪਿਛਲੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਉੱਪ-ਰਾਸ਼ਟਰਪਤੀ ਮਾਈਕ ਪੇਂਸ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨਾਲ ਮੁਲਾਕਾਤ ਕੀਤੀ ਸੀ। ਦੋਹਾਂ ਨੇਤਾਵਾਂ ਨੇ ਦੱਖਣੀ ਏਸ਼ੀਆ ਰਣਨੀਤੀ 'ਤੇ ਚਰਚਾ ਕੀਤੀ ਸੀ। ਬੀਤੀ ਅਗਸਤ ਨੂੰ ਆਪਣੀ ਨਵੀਂ ਦੱਖਣੀ-ਏਸ਼ੀਆ ਨੀਤੀ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦ ਵਿਰੁੱਧ ਅਮਰੀਕਾ ਦੀ ਲੜਾਈ ਵਿਚ ਪਾਕਿਸਤਾਨ ਵਲੋਂ ਸਹਿਯੋਗ ਨਾ ਕੀਤੇ ਜਾਣ ਦੀ ਸੂਰਤ 'ਚ ਪਾਕਿਸਤਾਨ ਵਿਰੁੱਧ ਸਖਤ ਕਦਮ ਚੁੱਕਣ ਦੀ ਗੱਲ ਆਖੀ ਸੀ।
trump
ਓਧਰ ਵਿਦੇਸ਼ ਮੰਤਰਾਲੇ ਦੀ ਮਹਿਲਾ ਬੁਲਾਰਾ ਹੀਥਰ ਨੋਰਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਆਪਣੀ ਦੱਖਣੀ-ਏਸ਼ੀਆ ਰਣਨੀਤੀ ਵਿਚ ਇਕ ਗੱਲ ਜੋ ਰਾਸ਼ਟਰਪਤੀ ਟਰੰਪ ਨੇ ਆਖੀ ਸੀ, ਉਹ ਇਹ ਸੀ ਕਿ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ 'ਤੇ ਕਾਰਵਾਈ ਕਰਨ ਦੀ ਵੱਡੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ।'' ਮਦਦ ਰਾਸ਼ੀ 'ਤੇ ਲੱਗੀ ਰੋਕ ਨੂੰ ਹਟਾਉਣ ਲਈ ਪਾਕਿਸਤਾਨ ਸ਼ਰਤਾਂ ਦੇ ਕਿੰਨੇ ਨੇੜੇ ਪਹੁੰਚਿਆ ਹੈ, ਇਹ ਪੁੱਛਣ 'ਤੇ ਨੋਰਟ ਨੇ ਕਿਹਾ ਕਿ ਇਸ ਸੰਬੰਧ 'ਚ ਹੋਰ ਵਧ ਕੋਸ਼ਿਸ਼ਾਂ ਕੀਤੇ ਜਾਣ ਦੀ ਲੋੜ ਹੈ ਜਿਵੇਂ ਪਾਕਿਸਤਾਨ ਨੂੰ ਸਿਰਫ ਤਾਲਿਬਾਨ ਵਿਰੁੱਧ ਹੀ ਨਹੀਂ ਸਗੋਂ ਕਿ ਹੱਕਾਨੀ ਨੈੱਟਵਰਕ ਅਤੇ ਹੋਰ ਅੱਤਵਾਦੀ ਸੰਗਠਨਾਂ ਵਿਰੁੱਧ ਵੀ ਕਾਰਵਾਈ ਕਰਨੀ ਹੋਵੇਗੀ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਸਾਲਾਂ ਵਿਚ ਉਸ ਨੇ ਫੌਜੀ ਮੁਹਿੰਮਾਂ 'ਚ ਸੈਂਕੜੇ ਤਾਲਿਬਾਨੀ ਅੱਤਵਾਦੀਆਂ ਨੂੰ ਮਾਰਿਆ ਹੈ।