
ਫ਼੍ਰਾਂਸੀਸੀ ਸਫ਼ੀਰ ਨੂੰ ਕਢਵਾਉਣ ਲਈ ਪ੍ਰਸਤਾਵ ਲਿਆਏਗੀ ਪਾਕਿ ਸਰਕਾਰ
ਇਸਲਾਮਾਬਾਦ : ਕੱਟੜਪੰਥੀ ਇਸਲਾਮਿਕ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਐਫ) ਦੇ ਸਾਹਮਣੇ ਪਾਕਿਸਤਾਨ ਸਰਕਾਰ ਨੇ ਅਪਣੇ ਗੋਡੇ ਟੇਕ ਦਿਤੇ ਹਨ। ਪਾਕਿ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਫ੍ਰਾਂਸੀਸੀ ਸਫ਼ੀਰ ਨੂੰ ਬਰਖ਼ਾਸਤ ਕਰਨ ਲਈ ਉਹ ਸੰਸਦ ’ਚ ਮਤਾ ਪੇਸ਼ ਕਰੇਗੀ। ਇਸ ਤੋਂ ਇਲਾਵਾ ਟੀਐਲਐਫ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਨੂੰ ਵਾਪਸ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਟੀਐਲਐਫ਼ ’ਤੇ ਪਾਕਿਸਤਾਨ ’ਚ ਪਾਬੰਦੀ ਲੱਗੀ ਹੋਈ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਟੀਐਲਐਫ ਨਾਲ ਲੰਮੀ ਗੱਲਬਾਤ ਦੇ ਬਾਅਦ ਸਾਡੀ ਸਹਿਮਤੀ ਬਣੀ ਹੈ ਕਿ ਫ੍ਰਾਂਸੀਸੀ ਸਫ਼ੀਰ ਨੂੰ ਕਢਣ ਲਈ ਨੈਸ਼ਨਲ ਅਸੈਂਬਲੀ ’ਚ ਇਕ ਮਤਾ ਪੇਸ਼ ਕੀਤਾ ਜਾਵੇਗਾ। '
Pakistan's Minister Sheikh Rashid
ਟੀਐਲਐਫ ਦੇ ਵਰਕਰਾਂ ਦੇ ਖ਼ਿਲਾਫ਼ ਦਹਿਸ਼ਤਗਰਦੀ ਦੀਆਂ ਧਾਰਾਵਾਂ ਤਹਿਤ ਦਰਜ ਸਾਰੇ ਮਾਮਲੇ ਵੀ ਵਾਪਸ ਲਏ ਜਾਣਗੇ। ਇਸਦੇ ਇਲਾਵਾ ਚੌਥੀ ਅਨੁਸੂਚੀ ਤੋਂ ਪਾਰਟੀ ਆਗੂਆਂ ਦਾ ਨਾਂ ਵੀ ਹਟਾਇਆ ਜਾਵੇਗਾ। ਫ੍ਰਾਂਸੀਸੀ ਰਾਜਦੂਤ ਦੀ ਬਰਖ਼ਾਸਤਗੀ ਕੱਟੜਪੰਥੀ ਇਸਲਾਮਿਕ ਪਾਰਟੀ ਦੀਆਂ ਚਾਰ ਪ੍ਰਮੁੱਖ ਮੰਗਾਂ ’ਚ ਸ਼ਾਮਲ ਹੈ। ਇਸਦੇ ਵਰਕਰਾਂ ਵਲੋਂ ਦੇਸ਼ ਭਰ ’ਚ ਹਿੰਸਕ ਪ੍ਰਦਰਸ਼ਨ ਕੀਤੇ ਜਾਣ ਦੇ ਬਾਅਦ ਪਿਛਲੇ ਹਫ਼ਤੇ ਇਸ ’ਤੇ ਪਾਬੰਦੀ ਲਗਾ ਦਿਤੀ ਗਈ ਸੀ।
Imran Khan
ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ 22 ਅਪ੍ਰੈਲ ਤਕ ਲਈ ਮੁਲਤਵੀ ਕਰ ਦਿਤਾ ਗਿਆ ਸੀ। ਪਰ ਮੰਤਰੀ ਦੇ ਬਿਆਨ ਦੇ ਕੁੱਝ ਹੀ ਦੇਰ ਬਾਅਦ ਐਲਾਨ ਕੀਤਾ ਗਿਆ ਕਿ ਸੰਸਦ ਦੀ ਬੈਠਕ ਦੇ ਪ੍ਰੋਗਰਾਮ ’ਚ ਬਦਲਾਅ ਕੀਤਾ ਗਿਆ ਹੈ। 20 ਅਪ੍ਰੈਲ ਨੂੰ ਦੁਪਹਿਰ ਬਾਅਦ ਤਿੰਨ ਵਜੇ ਤੋਂ ਇਸਦਾ ਸੈਸ਼ਨ ਮੁੜ ਬੁਲਾਇਆ ਗਿਆ ਹੈ। ਰਾਸ਼ਿਦ ਨੇ ਕਿਹਾ ਕਿ ਟੀਐਲਐਫ ਲਾਹੌਰ ਤੇ ਦੇਸ਼ ਦੀਆਂ ਹੋਰ ਥਾਵਾਂ ਤੋਂ ਅਪਣਾ ਧਰਨਾ ਖ਼ਤਮ ਕਰਨ ਲਈ ਸਹਿਮਤ ਹੋ ਗਿਆ ਹੈ।