
ਕੈਨੇਡਾ ਦੀ ਇਕ ਅਦਾਲਤ ਨੇ ਰੱਦ ਕੀਤੀ ਪਟੀਸ਼ਨ
Canada News: ਕੈਨੇਡਾ ਦੀ ਇਕ ਅਦਾਲਤ ਨੇ ਦੋ ਗਰਮਖਿਆਲੀਆਂ ਵੱਲੋਂ ਉਨ੍ਹਾਂ ਨੂੰ ਦੇਸ਼ ਦੀ ਨੋ ਫਲਾਈ ਸੂਚੀ ਵਿਚੋਂ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿਤਾ ਹੈ। ਦੋਵਾਂ ਨੂੰ 2018 ਵਿਚ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਇਹ ਮੰਨਣ ਦੇ ਵਾਜਬ ਆਧਾਰ ਹਨ ਕਿ ਉਹ ਅਪਰਾਧ ਕਰਨ ਲਈ ਆਵਾਜਾਈ ਸੁਰੱਖਿਆ ਜਾਂ ਹਵਾਈ ਯਾਤਰਾ ਲਈ ਖਤਰਾ ਪੈਦਾ ਕਰ ਸਕਦੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਭਗਤ ਸਿੰਘ ਬਰਾੜ ਅਤੇ ਪਰਵਕਾਰ ਸਿੰਘ ਦੁਲਾਈ ਚਾਹੁੰਦੇ ਸਨ ਕਿ ਸੁਰੱਖਿਅਤ ਹਵਾਈ ਯਾਤਰਾ ਐਕਟ ਤਹਿਤ ਉਨ੍ਹਾਂ ਨੂੰ ਨੋ-ਫਲਾਈਂਗ ਸੂਚੀ ਤੋਂ ਹਟਾ ਦਿਤਾ ਜਾਵੇ ਅਤੇ ਉਨ੍ਹਾਂ ਨੂੰ ਹਵਾਈ ਯਾਤਰਾ ਕਰਨ ਦੀ ਇਜਾਜ਼ਤ ਦਿਤੀ ਜਾਵੇ। ਹਾਲਾਂਕਿ ਅਦਾਲਤ ਨੇ ਕਿਹਾ ਕਿ ਸਰਕਾਰ ਕੋਲ ਸ਼ੱਕ ਕਰਨ ਦੇ ਵਾਜਬ ਆਧਾਰ ਹਨ ਕਿ ਦੋਵੇਂ ਅਪਰਾਧਿਕ ਕਾਰਵਾਈ ਕਰਨ ਲਈ ਹਵਾਈ ਯਾਤਰਾ ਕਰਨਗੇ। ਦੱਸ ਦੇਈਏ ਕਿ ਇਸ ਮਾਮਲੇ ਦੀ ਸੁਣਵਾਈ 13 ਅਤੇ 17 ਜੂਨ ਨੂੰ ਹੋਈ ਸੀ। ਤਿੰਨ ਜੱਜਾਂ ਦੀ ਬੈਂਚ ਨੇ 19 ਜੂਨ ਨੂੰ ਅਪਣਾ ਫੈਸਲਾ ਸੁਣਾਇਆ ਸੀ।
ਭਗਤ ਸਿੰਘ ਬਰਾੜ ਨੂੰ 24 ਅਪ੍ਰੈਲ 2018 ਨੂੰ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫਲਾਈਟ 'ਚ ਸਵਾਰ ਹੋਣ ਤੋਂ ਰੋਕਿਆ ਗਿਆ ਸੀ। ਦੁਲਾਈ ਨੂੰ ਉਸੇ ਸਾਲ 17 ਮਈ ਨੂੰ ਉਸੇ ਹਵਾਈ ਅੱਡੇ 'ਤੇ ਜਹਾਜ਼ 'ਤੇ ਚੜ੍ਹਨ ਤੋਂ ਵੀ ਮਨਾ ਕਰ ਦਿਤਾ ਗਿਆ ਸੀ। ਜੁਲਾਈ 2020 ਵਿਚ ਗਲੋਬਲ ਨਿਊਜ਼ ਦੀ ਇਕ ਰਿਪੋਰਟ ਵਿਚ, ਕੈਨੇਡੀਅਨ ਸੁਰੱਖਿਆ ਏਜੰਸੀਆਂ ਦੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ, ਬਰਾੜ 'ਤੇ ਭਾਰਤ ਵਿਚ ਹਮਲਿਆਂ ਦੀ ਯੋਜਨਾ ਬਣਾਉਣ ਲਈ ਪਾਕਿਸਤਾਨ ਦੀ ਆਈਐਸਆਈ ਨਾਲ ਕੰਮ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।
ਇੰਟਰ-ਸਰਵਿਸ ਇੰਟੈਲੀਜੈਂਸ ਯਾਨੀ ISI ਪਾਕਿਸਤਾਨ ਦੀ ਖੁਫੀਆ ਏਜੰਸੀ ਹੈ। ਉਕਤ ਦਸਤਾਵੇਜ਼ਾਂ ਵਿਚ ਇਹ ਵੀ ਇਲਜ਼ਾਮ ਲਾਇਆ ਗਿਆ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਰਹਿਣ ਵਾਲੇ ਦੁਲਾਈ 'ਤੇ ਕਈ ਹਮਲਿਆਂ ਦਾ ਮਾਸਟਰਮਾਈਂਡ ਹੋਣ ਦਾ ਸ਼ੱਕ ਸੀ।