
ਹੁਣ ਤਕ 6 ਲੋਕਾਂ ਦੀ ਹੋਈ ਮੌਤ
ਵਾਸ਼ਿੰਗਟਨ: ਗਰਮੀ ਦਾ ਜ਼ੋਰ ਹਰ ਪਾਸੇ ਛਾਇਆ ਹੋਇਆ ਹੈ। ਇੰਨੀ ਦਿਨੀਂ ਗਰਮੀ ਨੇ ਅਮਰੀਕੀਆਂ ਨੂੰ ਵੀ ਵਾਹਣੀ ਪਾਇਆ ਹੋਇਆ ਹੈ। ਗਰਮ ਹਵਾਵਾਂ ਦਾ ਕਹਿਰ ਇੰਨਾ ਵਧ ਗਿਆ ਹੈ ਕਿ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜੇ ਕੁਝ ਦਿਨ ਗਰਮੀ ਦਾ ਕਹਿਰ ਜਾਰੀ ਰਹੇਗਾ। ਰਿਪੋਰਟ ਮੁਤਾਬਕ 32 ਸਾਲਾ ਅਮਰੀਕੀ ਫੁਟਬਾਲ ਖਿਡਾਰੀ ਮਿਚ ਪੈਟਰਸ ਦੀ ਹੀਟਸਟ੍ਰੋਕ ਨਾਲ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਉਹ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਸਿਹਤ ਵਿਗੜ ਗਈ। ਸਥਾਨਕ ਅਧਿਕਾਰੀਆਂ ਮੁਤਾਬਕ ਐਰੀਜੋਨਾ ਵਿਚ ਇੱਕ ਏਅਰ ਟੈਕਨੀਸ਼ੀਅਨ ਸਟੀਵਨ ਬੈਲ ਦੀ ਵੀ ਗਰਮੀ ਕਰਕੇ ਮੌਤ ਹੋ ਗਈ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ 150 ਮਿਲੀਅਨ ਲੋਕ ਗਰਮੀ ਦੇ ਲਪੇਟ ਵਿਚ ਆ ਗਏ ਹਨ। ਉਧਰ, ਨਿਊਯਾਰਕ ਸਿਟੀ ਨੇ ਲੋਕਾਂ ਨੂੰ ਬਚਾਉਣ ਲਈ 500 ਕੂਲਿੰਗ ਸੈਂਟਰ ਖੋਲ੍ਹੇ ਹਨ। ਮੇਅਰ ਬਿੱਲ ਡੀ ਬਲਾਸੀਓ ਨੇ ਕਿਹਾ ਕਿ ਸ਼ਨੀਵਾਰ ਤੇ ਐਤਵਾਰ ਸਥਿਤੀ ਵਿਗੜਣ ਵਾਲੀ ਹੈ। ਲੋਕਾਂ ਖ਼ਾਸ ਤੌਰ ਤੇ ਸੂਚਿਤ ਕੀਤਾ ਗਿਆ ਹੈ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਘਰਾਂ ਵਿੱਚੋਂ ਬਾਹਰ ਨਾ ਨਿਕਲੋ। ਕੰਮ ਲਈ ਹੀ ਬਾਹਰ ਜਾਓ ਤੇ ਉਹ ਵੀ ਅਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਕੇ। ਇਸ ਨਾਲ ਗਰਮੀ ਦਾ ਪ੍ਰਭਾਵ ਘਟ ਪਵੇਗਾ।