
3 ਸਾਲ ਦੀ ਉਮਰ ਤੋਂ ਮਾਈਕ੍ਰੋਪਲਾਸਟਿਕ ਪ੍ਰਦੂਸ਼ਣ ਵਿਰੁਧ ਪਹਿਲਕਦਮੀਆਂ 'ਚ ਲੈ ਰਹੀ ਹਿੱਸਾ
ਭਾਰਤੀ ਮੂਲ ਦੀ 7 ਸਾਲਾ ਵਿਦਿਆਰਥਣ ਨੂੰ ਮਿਲਿਆ 'ਪੁਆਇੰਟਸ ਆਫ਼ ਲਾਈਟ' ਐਵਾਰਡ
ਮੋਕਸ਼ਾ ਰਾਏ ਭਾਰਤ 'ਚ ਪੱਛੜੇ ਸਕੂਲੀ ਬੱਚਿਆਂ ਲਈ ਵਿੱਦਿਅਕ ਸੈਸ਼ਨਾਂ 'ਚ ਵੀ ਕਰਦੀ ਹੈ ਮਦਦ
ਲੰਡਨ : ਭਾਰਤੀ ਮੂਲ ਦੀ ਸੱਤ ਸਾਲਾ ਮੋਕਸ਼ਾ ਰਾਏ ਨੂੰ 'ਪੁਆਇੰਟਸ ਆਫ਼ ਲਾਈਟ' ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਮੋਕਸ਼ਾ ਤਿੰਨ ਸਾਲ ਦੀ ਉਮਰ ਤੋਂ ਹੀ ਬੱਚਿਆਂ ਲਈ ਫੰਡ ਇਕੱਠਾ ਕਰਨ ਸਮੇਤ ਕਈ ਸਥਿਰਤਾ ਪਹਿਲਕਦਮੀਆਂ ਦਾ ਹਿੱਸਾ ਰਹੀ ਹੈ ਅਤੇ ਉਸ ਦੇ ਇਨ੍ਹਾਂ ਸਵੈਸੇਵੀ ਕੰਮਾਂ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਪੁਆਇੰਟਸ ਆਫ਼ ਲਾਈਟ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।
ਮੋਕਸ਼ਾ ਰਾਏ ਨੇ ਪਿਛਲੇ ਹਫ਼ਤੇ ਬ੍ਰਿਟਿਸ਼ ਉਪ ਪ੍ਰਧਾਨ ਮੰਤਰੀ ਓਲੀਵਰ ਡਾਊਡੇਨ ਤੋਂ ਪੁਰਸਕਾਰ ਪ੍ਰਾਪਤ ਕੀਤਾ। ਦੱਸ ਦੇਈਏ ਕਿ ਮੋਕਸ਼ਾ ਨੇ ਮਾਈਕ੍ਰੋਪਲਾਸਟਿਕ ਪ੍ਰਦੂਸ਼ਣ ਵਿਰੁਧ ਸੰਯੁਕਤ ਰਾਸ਼ਟਰ ਸਸਟੇਨੇਬਲ ਡਿਵੈਲਪਮੈਂਟ ਗੋਲਸ (SDG) ਪਹਿਲਕਦਮੀ ਲਈ ਵੀ ਵੱਡਾ ਯੋਗਦਾਨ ਪਾਇਆ ਹੈ।
ਇਸ ਪਹਿਲਕਦਮੀ ਨੂੰ ਕੈਂਟਰਬਰੀ ਦੇ ਆਰਚਬਿਸ਼ਪ ਅਤੇ ਸੰਯੁਕਤ ਰਾਸ਼ਟਰ ਟਾਸਕ ਫੋਰਸ ਦੁਆਰਾ ਸਮਰਥਨ ਦਿੱਤਾ ਗਿਆ ਸੀ, ਜਿਸ ਨਾਲ ਮੋਕਸ਼ਾ ਨੂੰ ਤਿੰਨ ਸਾਲ ਦੀ ਉਮਰ ਵਿਚ ਦੁਨੀਆਂ ਦੇ ਸਭ ਤੋਂ ਘੱਟ ਉਮਰ ਦੇ ਸਥਿਰਤਾ ਵਕੀਲ ਹੋਣ ਦਾ ਮਾਣ ਹਾਸਲ ਹੋਇਆ। ਇਸ ਤੋਂ ਇਲਾਵਾ ਮੋਕਸ਼ਾ ਰਾਏ ਨੇ ਭਾਰਤ ਵਿਚ ਪੱਛੜੇ ਸਕੂਲੀ ਬੱਚਿਆਂ ਲਈ ਵਿੱਦਿਅਕ ਸੈਸ਼ਨਾਂ ਵਿਚ ਵੀ ਅਪਣਾ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦੇ ਜੋੜੇ 'ਤੇ ਜਬਰੀ ਮਜ਼ਦੂਰੀ ਕਰਵਾਉਣ ਦਾ ਇਲਜ਼ਾਮ
ਅਪਣੀ ਇਸ ਪ੍ਰਾਪਤੀ ਬਾਰੇ ਮੋਕਸ਼ਾ ਰਾਏ ਦਾ ਕਹਿਣਾ ਹੈ, “ਮੈਂ ਪੁਆਇੰਟਸ ਆਫ਼ ਲਾਈਟ ਅਵਾਰਡ ਪ੍ਰਾਪਤ ਕਰ ਕੇ ਬਹੁਤ ਖ਼ੁਸ਼ ਹਾਂ। ਮੈਂ ਉਮੀਦ ਕਰਦੀ ਹਾਂ ਕਿ ਬੱਚੇ ਅਤੇ ਬਾਲਗ ਦੋਵੇਂ ਸਮਝ ਗਏ ਹਨ ਕਿ ਧਰਤੀ ਅਤੇ ਇਥੇ ਵਸਦੇ ਲੋਕਾਂ ਦੀ ਦੇਖਭਾਲ ਕਰਨਾ ਅਤੇ ਰੋਜ਼ਾਨਾ ਜੀਵਨ ਵਿੱਚ ਛੋਟੀਆਂ ਤਬਦੀਲੀਆਂ ਕਰਨਾ ਸਿਰਫ਼ ਕੁਝ ਲੋਕਾਂ ਲਈ ਨਹੀਂ ਹੋਣਾ ਚਾਹੀਦਾ ਹੈ। ਇਹ ਰੋਜ਼ਾਨਾ ਅਪਣੇ ਦੰਦਾਂ ਦੀ ਸਫਾਈ ਕਰਨ ਵਾਂਗ ਹੈ। ਜਿਵੇਂ ਅਸੀਂ ਦਰਦ ਤੋਂ ਬਚਣ ਲਈ ਅਪਣੇ ਦੰਦਾਂ ਨੂੰ ਬੁਰਸ਼ ਕਰਦੇ ਹਾਂ; ਇਸੇ ਤਰ੍ਹਾਂ ਅਸੀਂ ਗ੍ਰਹਿ ਦੀ ਦੇਖਭਾਲ ਕਿਸੇ ਹੋਰ ਲਈ ਨਹੀਂ ਸਗੋਂ ਅਪਣੇ ਲਈ ਕਰਦੇ ਹਾਂ ਅਤੇ ਇਹ ਬਹੁਤ ਜ਼ਰੂਰੀ ਹੈ।''
ਦੱਸ ਦੇਈਏ ਕਿ ਮੋਕਸ਼ਾ ਰਾਏ ਯੂਕੇ ਵਿਚ ਅਪਣੇ ਸਕੂਲ ਰਾਹੀਂ ਅਤੇ ਰੇਡੀਓ, ਪ੍ਰੈਸ ਅਤੇ ਔਨਲਾਈਨ ਪਲੇਟਫਾਰਮਾਂ ਰਾਹੀਂ ਦੁਨੀਆਂ ਭਰ ਦੇ ਹਜ਼ਾਰਾਂ ਬੱਚਿਆਂ ਨੂੰ ਇਸ ਬਾਰੇ ਸਿੱਖਿਅਤ ਕਰਦੀ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ, ਪੁਆਇੰਟਸ ਆਫ਼ ਲਾਈਟ ਅਵਾਰਡ ਉਨ੍ਹਾਂ ਯੋਗ ਵਿਅਕਤੀਗਤ ਵਲੰਟੀਅਰਾਂ ਨੂੰ ਦਿਤਾ ਜਾਂਦਾ ਹੈ ਜੋ ਅਪਣੇ ਭਾਈਚਾਰੇ ਵਿਚ ਤਬਦੀਲੀ ਲਿਆ ਰਹੇ ਹਨ।