
ਪੁਲਿਸ ਵਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ
ਵਾਸ਼ਿੰਗਟਨ : ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਜੋੜੇ 'ਤੇ ਕਥਿਤ ਤੌਰ 'ਤੇ ਜਬਰੀ ਮਜ਼ਦੂਰੀ ਕਰਵਾਉਣ ਦੇ ਇਲਜ਼ਾਮ ਲੱਗੇ ਹਨ। ਜਾਣਕਾਰੀ ਅਨੁਸਾਰ ਇਹ ਜੋੜਾ ਵਰਜੀਨੀਆ ਦਾ ਰਹਿਣ ਵਾਲਾ ਹੈ ਜਿਨ੍ਹਾਂ ਨੇ ਅਪਣੇ ਇਕ ਪ੍ਰਵਾਸੀ ਰਿਸ਼ਤੇਦਾਰ ਤੋਂ ਜਬਰਨ ਮਜ਼ਦੂਰੀ ਕਰਵਾਈ ਅਤੇ ਉਸ ਦਾ ਸਰਕੀਰਕ ਤੌਰ 'ਤੇ ਸ਼ੋਸ਼ਣ ਕੀਤਾ।
ਇਹ ਵੀ ਪੜ੍ਹੋ: ਮੋਦੀ ਸਰਨੇਮ ਮਾਮਲਾ: ਰਾਹੁਲ ਗਾਂਧੀ ਦੀ ਪਟੀਸ਼ਨ 'ਤੇ ਸੁਪ੍ਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਭੇਜਿਆ ਨੋਟਿਸ
ਇਲਜ਼ਾਮ ਅਨੁਸਾਰ ਵਰਜੀਨੀਆ ਦੀ ਰਹਿਣ ਵਾਲੇ 30 ਸਾਲਾ ਹਰਮਨਪ੍ਰੀਤ ਸਿੰਘ ਅਤੇ ਕੁਲਬੀਰ ਕੌਰ (42) ਨੇ ਪੀੜਤਾ ਦੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਨੂੰ ਜ਼ਬਤ ਕਰਨ ਅਤੇ ਸਰੀਰਕ ਸ਼ੋਸ਼ਣ, ਜ਼ਬਰਦਸਤੀ ਅਤੇ ਹੋਰ ਗੰਭੀਰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿਤੀਆਂ। ਇਸ ਦੇ ਚਲਦੇ ਪੀੜਤ ਨੂੰ ਕਈ ਤਰ੍ਹਾਂ ਦੇ ਅਪਮਾਨਜਨਕ ਹਾਲਾਤ ਦਾ ਸਾਹਮਣਾ ਕਰਨਾ ਪਿਆ। ਇਹ ਵੀ ਜਾਣਕਾਰੀ ਹੈ ਕਿ 2018 ਅਤੇ ਮਈ 2021 ਤਕ ਘੱਟੋ-ਘੱਟ ਉਜਰਤ 'ਤੇ ਘੰਟਿਆਂ ਬੱਧੀ ਕੰਮ ਕਰਨ ਲਈ ਮਜਬੂਰ ਕਰਨ ਸਮੇਤ ਵੱਖ-ਵੱਖ ਜ਼ਬਰਦਸਤੀ ਸਾਧਨਾਂ ਦੀ ਵਰਤੋਂ ਕੀਤੀ ਗਈ।
ਉਨ੍ਹਾਂ ਨੇ ਪੀੜਤ ਨੂੰ ਮਜ਼ਦੂਰੀ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਮਜ਼ਬੂਰ ਕੀਤਾ, ਜਿਸ ਵਿਚ ਕੈਸ਼ੀਅਰ ਵਜੋਂ ਕੰਮ ਕਰਨਾ, ਭੋਜਨ ਤਿਆਰ ਕਰਨਾ, ਸਫਾਈ ਕਰਨਾ ਅਤੇ ਸਟੋਰ ਦਾ ਪ੍ਰਬੰਧ ਸੰਭਾਲਣਾ ਆਦਿ ਸ਼ਾਮਲ ਹਨ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੀੜਤ ਦਾ ਚਚੇਰਾ ਭਰਾ ਲਗਦਾ ਹੈ ਪਰ ਉਸ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਜ਼ਬਰਦਸਤੀ ਮਜ਼ਦੂਰੀ ਦੇ ਦੋਸ਼ ਵਿਚ ਵੱਧ ਤੋਂ ਵੱਧ 20 ਸਾਲ ਦੀ ਕੈਦ ਅਤੇ 250,000 ਡਾਲਰ ਤਕ ਦਾ ਜੁਰਮਾਨਾ ਹੋ ਸਕਦਾ ਹੈ।