
ਕਿਹਾ, ਸਾਡਾ ਦੇਸ਼ ਅੱਗੇ ਵਧਣ ਦੀ ਬਜਾਏ ਪਿੱਛੇ ਚਲਾ ਗਿਆ ਹੈ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਪਣੀ ਪਾਰਟੀ ਦੀ ਅਗਵਾਈ ਕਰਨ ਅਤੇ ਜਨਵਰੀ ’ਚ ਸੰਭਾਵਤ ਚੋਣਾਂ ’ਚ ਰੀਕਾਰਡ ਚੌਥੀ ਵਾਰੀ ਸਤਾ ’ਚ ਆਉਣ ਦੀ ਕੋਸ਼ਿਸ਼ ਹੇਠ ਬਰਤਾਨੀਆਂ ’ਚ ਚਾਰ ਸਾਲ ਦੇ ਖ਼ੁਦ ’ਤੇ ਲਾਈ ਜ਼ਲਾਵਤਨੀ ਤੋਂ ਬਾਅਦ ਸਨਿਚਰਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਦੁਬਈ ਤੋਂ ਵਤਨ ਪਰਤ ਆਏ।
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਦੇ ਸੁਪਰੀਮੋ 73 ਸਾਲਾਂ ਦੇ ਲੀਡਰ ਵਿਸ਼ੇਸ਼ ਜਹਾਜ਼ ‘ਉਮੀਦ-ਏ-ਪਾਕਿਸਤਾਨ’ ਰਾਹੀਂ ਦੁਬਈ ਤੋਂ ਇਸਲਾਮਾਬਾਦ ਪੁੱਜੇ। ਉਨ੍ਹਾਂ ਨਾਲ ਉਨ੍ਹਾਂ ਦੇ ਪ੍ਰਵਾਰ ਦੇ ਜੀਅ, ਪਾਰਟੀ ਦੇ ਸੀਨੀਅਰ ਆਗੂ ਅਤੇ ਮਿੱਤਰ ਸਨ।
ਇਸ ਤੋਂ ਪਹਿਲਾਂ ਦੁਬਈ ਹਵਾਈ ਅੱਡੇ ’ਤੇ ਸ਼ਰੀਫ਼ ਨੇ ਪੱਤਰਕਾਰਾਂ ਨੂੰ ਦੇਸ਼ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਚਿੰਤਾ ਪ੍ਰਗਟਾਈ। ਉਨ੍ਹਾਂ ਦੇ ਸ਼ਬਦਾਂ ਅਨੁਸਾਰ ਪਾਕਿਸਤਾਨ ਦੇ ਹਾਲਾਤ 2017 ਦੀ ਤੁਲਨਾ ’ਚ ਕਿਤੇ ਵੱਧ ਵਿਗੜ ਗਏ ਹਨ, ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅਯੋਗ ਐਲਾਨ ਕੀਤਾ ਸੀ ਅਤੇ ਬਾਅਦ ’ਚ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ’ਚ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਂਦਿਆਂ ਦੋਸ਼ੀ ਕਰਾਰ ਦਿਤਾ ਸੀ।
ਉਨ੍ਹਾਂ ਕਿਹਾ, ‘‘ਹਾਲਾਤ 2017 ਤੋਂ ਬਿਹਤਰ ਨਹੀਂ... ਅਤੇ ਇਹ ਸਾਰਾ ਕੁਝ ਵੇਖ ਕੇ ਮੈਨੂੰ ਦੁਖ ਹੁੰਦਾ ਹੈ ਕਿ ਸਾਡਾ ਦੇਸ਼ ਅੱਗੇ ਵਧਣ ਦੀ ਬਜਾਏ ਪਿੱਛੇ ਚਲਾ ਗਿਆ ਹੈ।’’
‘ਜੀਉ ਨਿਊਜ਼’ ਨੇ ਨਵਾਜ਼ ਦੇ ਹਵਾਲੇ ਨਾਲ ਕਿਹਾ, ‘‘ਪਾਕਿਸਤਾਨ ’ਚ ਸਥਿਤੀ ਬਹੁਤ ਖ਼ਰਾਬ ਹੈ ਅਤੇ ਇਹ ਬਹੁਤ ਚਿੰਤਾਜਨਕ ਹੈ।’’ ਦੇਸ਼ ਲਈ ਉਡਾਨ ਭਰਨ ਤੋਂ ਪਹਿਲਾਂ ਉਨ੍ਹਾਂ ਨੇ ਦੁਬਈ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਦੇਸ਼ ਦੀ ਸਮੱਸਿਆ ਦੇ ਹੱਲ ਲਈ ਸਮਰੱਥ ਹਾਂ।’’