
ਔਰਤ ਨੇ ਜਾਣਬੁੱਝ ਕੇ ਤਸੀਹੇ ਦੇਣ ਸਮੇਤ ਕੁੱਲ 48 ਦੋਸ਼ ਸਵੀਕਾਰ ਕੀਤੇ
ਸਿੰਗਾਪੁਰ - ਇੱਥੋਂ ਦੀ ਇੱਕ ਭਾਰਤੀ ਮੂਲ ਦੀ 64 ਸਾਲਾ ਔਰਤ ਨੇ ਆਪਣੀ ਧੀ ਦੀ ਘਰੇਲੂ ਸਹਾਇਕਾ ਨੂੰ ਇਸ ਹੱਦ ਤੱਕ ਤਸੀਹੇ ਦਿੱਤੇ ਕਿ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਨੇ ਸੋਮਵਾਰ ਨੂੰ ਘਰੇਲੂ ਸਹਾਇਕਾ 'ਤੇ ਤਸ਼ੱਦਦ ਕਰਨ ਦਾ ਦੋਸ਼ ਸਵੀਕਾਰ ਕਰ ਲਿਆ, ਜੋ ਮਿਆਂਮਾਰ ਦੀ ਰਹਿਣ ਵਾਲੀ ਸੀ। ਪ੍ਰੇਮਾ ਐਸ. ਨਾਰਾਇਣਸਵਾਮੀ ਨੇ ਆਪਣੀ ਧੀ ਦੀ ਘਰੇਲੂ ਸਹਾਇਕਾ ਪਿਆਂਗ ਗਹਿ ਡੋਆਨ ਨੂੰ ਜਾਣਬੁੱਝ ਕੇ ਤਸੀਹੇ ਦੇਣ ਸਮੇਤ ਕੁੱਲ 48 ਦੋਸ਼ ਸਵੀਕਾਰ ਕੀਤੇ। ਸੀ.ਸੀ.ਟੀ.ਵੀ. ਫੁਟੇਜ ਵਿੱਚ ਦਿਖਾਈ ਦਿੱਤਾ ਕਿ 14 ਮਹੀਨੇ ਲਗਾਤਾਰ ਤਸ਼ੱਦਦ ਸਹਿਣ ਤੋਂ ਬਾਅਦ ਮਿਆਂਮਾਰ ਦੀ 24 ਸਾਲਾ ਔਰਤ ਦੀ 26 ਜੁਲਾਈ, 2016 ਨੂੰ ਦਿਮਾਗੀ ਸੱਟ ਕਾਰਨ ਮੌਤ ਹੋ ਗਈ।
ਮ੍ਰਿਤਕ ਔਰਤ ਦੀ ਗਰਦਨ 'ਤੇ ਕਿਸੇ ਭਾਰੀ ਚੀਜ਼ ਨਾਲ ਮਾਰੇ ਜਾਣ ਦਾ ਨਿਸ਼ਾਨ ਮਿਲਿਆ ਸੀ। ਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਪ੍ਰੇਮਾ ਨੂੰ ਪਤਾ ਲੱਗਾ ਕਿ ਉਸ ਦੀ ਧੀ ਆਪਣੀ ਘਰੇਲੂ ਸਹਾਇਕਾ ਦੀ ਕੁੱਟਮਾਰ ਕਰਦੀ ਹੈ ਤਾਂ ਉਸ ਨੇ ਵੀ ਪਿਆਂਗ ਨੂੰ ਵੀ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਫੁਟੇਜ ਅਨੁਸਾਰ ਪ੍ਰੇਮਾ ਉਸ 'ਤੇ ਪਾਣੀ ਪਾਉਂਦੀ ਸੀ, ਉਸ ਨੂੰ ਥੱਪੜ ਮਾਰਦੀ ਸੀ, ਲੱਤਾਂ ਮਾਰਦੀ ਸੀ, ਗਰਦਨ ਤੋਂ ਫੜ ਕੇ ਕੁੱਟਦੀ ਸੀ, ਵਾਲ ਖਿੱਚਦੀ ਸੀ, ਅਤੇ ਹੋਰ ਵੀ ਬਹੁਤ ਕੁਝ। ਪ੍ਰੇਮਾ ਦੀ ਧੀ ਗਾਇਤਰੀ ਮੁਰੂਗਯਨ ਪੁਲਿਸ ਅਧਿਕਾਰੀ ਦੀ ਪਤਨੀ ਹੈ, ਅਤੇ 2021 ਵਿੱਚ ਉਸਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਗਾਇਤਰੀ (41) ਨੇ 28 ਦੋਸ਼ ਸਵੀਕਾਰ ਕੀਤੇ ਸਨ ਅਤੇ ਸਜ਼ਾ ਸੁਣਾਉਂਦੇ ਸਮੇਂ ਅਦਾਲਤ ਨੇ 87 ਹੋਰ ਦੋਸ਼ਾਂ ਨੂੰ ਵੀ ਧਿਆਨ ਵਿਚ ਰੱਖਿਆ ਸੀ।
ਜਦੋਂ ਪਿਆਂਗ ਨੇ ਮਈ 2015 ਵਿੱਚ ਗਾਇਤਰੀ ਦੇ ਪਰਿਵਾਰ ਲਈ ਕੰਮ ਕਰਨਾ ਸ਼ੁਰੂ ਕੀਤਾ, ਤਾਂ ਉਸ ਦਾ ਵਜ਼ਨ 39 ਕਿਲੋਗ੍ਰਾਮ ਸੀ, ਜੋ ਉਸ ਦੀ ਮੌਤ ਦੇ ਸਮੇਂ ਸਿਰਫ 24 ਕਿੱਲੋਗ੍ਰਾਮ ਰਹਿ ਗਿਆ। ਹਾਈ ਕੋਰਟ ਦੇ ਜੱਜ ਸੀ ਕੀ ਓਨ ਨੇ ਕਿਹਾ ਕਿ ਇਹ ਗ਼ੈਰ-ਇਰਾਦਤਨ ਕਤਲ ਦਾ ਸਭ ਤੋਂ ਬੁਰਾ ਮਾਮਲਾ ਹੈ, ਅਤੇ ਇਸ ਵਿਚ ਪਿਯਾਂਗ ਨੂੰ ਮੌਤ ਤੋਂ ਪਹਿਲਾਂ ਲੰਬੇ ਸਮੇਂ ਤੱਕ ਸਰੀਰਕ ਅਤੇ ਮਾਨਸਿਕ ਤਸੀਹੇ ਸਹਿਣ ਕਰਨੇ ਪਏ ਸਨ।
ਇਸ ਅਣਮਨੁੱਖੀ ਵਤੀਰੇ ਨਾਲ ਪ੍ਰੇਮਾ ਤੇ ਉਸ ਦੀ ਧੀ ਨੇ ਪੂਰੇ ਭਾਰਤੀ ਭਾਈਚਾਰੇ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ।