ਪ੍ਰਧਾਨ ਮੰਤਰੀ ਨੇ ਜੰਗ ਰੋਕਣ ਦਾ ਭਰੋਸਾ ਦਿਤਾ, ਟਰੰਪ ਦਾ ਦਾਅਵਾ- ਭਾਰਤ ਤੇ ਪਾਕਿਸਤਾਨ ਕਰਨ ਵਾਲੇ ਸਨ ਪ੍ਰਮਾਣੂ ਹਮਲੇ
ਨਿਊਯਾਰਕ/ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ 350 ਪ੍ਰਤੀਸ਼ਤ ਟੈਰਿਫ਼ ਲਗਾਉਣ ਦੀ ਧਮਕੀ ਦੇ ਕੇ ਉਨ੍ਹਾਂ ਵਿਚਕਾਰ ਚੱਲ ਰਹੇ ਹਮਲਿਆਂ ਨੂੰ ਰੁਕਵਾਇਆ ਸੀ ਅਤੇ ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਅਦ ਵਿਚ ਉਨ੍ਹਾਂ ਨੂੰ ਫ਼ੋਨ ਕਰ ਕੇ ਕਿਹਾ ਸੀ ਕਿ, ‘‘ਅਸੀਂ ਯੁੱਧ ਨਹੀਂ ਕਰਾਂਗੇ।’’
ਟਰੰਪ ਨੇ 60 ਤੋਂ ਵੱਧ ਵਾਰ ਇਹ ਦਾਅਵਾ ਦੁਹਰਾਇਆ ਹੈ ਕਿ ਉਨ੍ਹਾਂ ਨੇ ਇਸ ਸਾਲ ਮਈ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ਵਿਚ ‘ਮਦਦ’ ਕੀਤੀ ਸੀ, ਜਦੋਂ ਕਿ ਭਾਰਤ ਨੇ ਲਗਾਤਾਰ ਕਿਸੇ ਵੀ ਤੀਜੀ ਧਿਰ ਦੇ ਦਖ਼ਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਬੁਧਵਾਰ ਨੂੰ ਕਿਹਾ, ‘‘...ਮੈਂ ਵਿਵਾਦਾਂ ਨੂੰ ਸੁਲਝਾਉਣ ਵਿਚ ਚੰਗਾ ਹਾਂ ਅਤੇ ਹਮੇਸ਼ਾ ਰਿਹਾ ਹਾਂ। ਮੈਂ ਪਿਛਲੇ ਕੁਝ ਸਾਲਾਂ ਵਿਚ ਅਤੇ ਪਹਿਲਾਂ ਵੀ ਇਸ ਦਿਸ਼ਾ ਵਿਚ ਵਧੀਆ ਕੰਮ ਕੀਤਾ ਹੈ। ਮੈਂ ਵੱਖ-ਵੱਖ ਯੁੱਧਾਂ ਬਾਰੇ ਗੱਲ ਕਰ ਰਿਹਾ ਹਾਂ... ਭਾਰਤ, ਪਾਕਿਸਤਾਨ... ਉਹ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਸਨ।’’
ਟਰੰਪ ਨੇ ਅਮਰੀਕਾ-ਸਾਊਦੀ ਨਿਵੇਸ਼ ਫੋਰਮ ਵਿਚ ਦਾਅਵਾ ਕੀਤਾ ਕਿ ਉਸ ਨੇ ਦੋਵਾਂ ਗੁਆਂਢੀ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਨੂੰ ਕਿਹਾ ਸੀ ਕਿ ਉਹ ‘ਜੰਗ ਜਾਰੀ ਰੱਖ ਸਕਦੇ ਹਨ, ਪਰ ਮੈਂ ਦੋਵਾਂ ਦੇਸ਼ਾਂ ’ਤੇ 350 ਪ੍ਰਤੀਸ਼ਤ ਟੈਰਿਫ਼ ਲਗਾ ਰਿਹਾ ਹਾਂ। ਉਹ ਹੁਣ ਅਮਰੀਕਾ ਨਾਲ ਵਪਾਰ ਨਹੀਂ ਕਰ ਸਕਣਗੇ।’’ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਵੀ ਅਮਰੀਕਾ-ਸਾਊਦੀ ਨਿਵੇਸ਼ ਫੋਰਮ ਵਿਚ ਸ਼ਿਰਕਤ ਕੀਤੀ।
ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ। ਅਮਰੀਕੀ ਰਾਸ਼ਟਰਪਤੀ ਦੇ ਅਨੁਸਾਰ, ਉਨ੍ਹਾਂ ਦੋਵਾਂ ਦੇਸ਼ਾਂ ਨੂੰ ਕਿਹਾ, ‘‘ਮੈਂ ਇਹ ਕਰਨ ਜਾ ਰਿਹਾ ਹਾਂ (ਟੈਰਿਫ਼ ਲਗਾਉਣਾ)... ਮੈਂ ਨਹੀਂ ਚਾਹੁੰਦਾ ਕਿ ਤੁਸੀਂ ਲੋਕ ਇਕ ਦੂਜੇ ਦੇ ਵਿਰੁਧ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੋ, ਲੱਖਾਂ ਲੋਕਾਂ ਨੂੰ ਮਾਰੋ, ਅਤੇ ਲਾਸ ਏਂਜਲਸ ਉੱਤੇ ਪ੍ਰਮਾਣੂ ਧੂੜ ਉਡਾਓ।’’ ਟਰੰਪ ਨੇ ਫਿਰ ਕਿਹਾ ਕਿ ਉਹ ‘ਪੂਰੀ ਤਰ੍ਹਾਂ ਤਿਆਰ’ ਹਨ ਅਤੇ ਉਨ੍ਹਾਂ ਨੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੂੰ ਕਿਹਾ ਕਿ ਉਹ ਟਕਰਾਅ ਨੂੰ ਖ਼ਤਮ ਕਰਨ ਲਈ 350 ਪ੍ਰਤੀਸ਼ਤ ਟੈਰਿਫ਼ ਲਗਾਉਣਗੇ।
