ਕੈਨੇਡਾ ਪੁਲਿਸ ਫਿਰੌਤੀਆਂ ਨਾਲ ਸਬੰਧਤ ਕੇਸ ’ਚ ਕਰ ਰਹੀ ਸੀ ਜਾਂਚ
Gangster Jagdeep Singh absconds in Canada News: ਕੈਨੇਡਾ ’ਚ ਕਥਿਤ ਗੈਂਗਸਟਰ ਜਗਦੀਪ ਸਿੰਘ ਫ਼ਰਾਰ ਹੋ ਗਿਆ ਹੈ। ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ ਵਲੋਂ ਵੱਖ-ਵੱਖ ਅਪਰਾਧਾਂ ਹੇਠ ਗ੍ਰਿਫਤਾਰ ਕੀਤਾ ਗਿਆ ਕਥਿਤ ਗੈਂਗਸਟਰ ਜਗਦੀਪ ਸਿੰਘ ਬੀਤੀ ਰਾਤ ਕੈਲਗਰੀ ਦੇ ਰੌਕੀਵਿਊ ਹਸਪਤਾਲ ’ਚੋਂ ਫ਼ਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਅਜੇ ਉਸ ਤੋਂ ਫਿਰੌਤੀਆਂ ਨਾਲ ਸਬੰਧਤ ਸਰਗਰਮੀਆਂ ਬਾਰੇ ਪੁੱਛਗਿੱਛ ਕੀਤੀ ਹੀ ਜਾਣੀ ਸੀ ਕਿ ਉਸ ਨੇ ਬਿਮਾਰੀ ਦਾ ਬਹਾਨਾ ਬਣਾਇਆ, ਜਿਸ ਕਾਰਨ ਉਸ ਨੂੰ ਕੱਲ੍ਹ ਹਸਪਤਾਲ ਦਾਖਲ ਕਰਵਾਇਆ ਸੀ ਜਿਥੋਂ ਉਹ ਫਰਾਰ ਹੋ ਗਿਆ।
ਦੱਸ ਦੇਈਏ ਕਿ ਏਜੰਸੀ ਵਲੋਂ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਦੀ ਫੜੋ ਫੜਾਈ ਮੌਕੇ ਅਚਾਨਕ ਜਗਦੀਪ ਕਾਬੂ ਹੱਥੇ ਚੜ੍ਹ ਗਿਆ। ਬੇਸ਼ੱਕ ਏਜੰਸੀ ਵਲੋਂ ਵਧੇਰੇ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਗਿਆ ਹੈ, ਪਰ ਸੂਤਰਾਂ ਅਨੁਸਾਰ ਏਜੰਸੀ ਨੂੰ ਉਸ ਦੀ ਪੁੱਛਗਿੱਛ ਦੌਰਾਨ ਵੱਡੇ ਅਪਰਾਧਾਂ ਬਾਰੇ ਖੁਲਾਸੇ ਹੋਣ ਦੀ ਉਮੀਦ ਸੀ।
ਜਗਦੀਪ ਸਿੰਘ ਦੀ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਕਟ ਦੇ ਤਹਿਤ, ਸੰਗਠਿਤ ਅਪਰਾਧ ਵਿੱਚ ਸ਼ਾਮਲ ਹੋਣ ਬਾਰੇ ਜਾਂਚ ਚੱਲ ਰਹੀ ਹੈ। ਸੀਬੀਐਸਏ ਵੱਲੋਂ ਇਸ ਨੌਜਵਾਨ ਨੂੰ ਫੜਨ ਲਈ ਪੁਲਿਸ ਬਲਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।
ਸੀਬੀਐਸਏ ਦਾ ਕਹਿਣਾ ਹੈ ਕਿ ਇਸ ਨੌਜਵਾਨ ਬਾਰੇ ਕੋਈ ਵੀ ਜਾਣਕਾਰੀ ਹੋਣ 'ਤੇ 911 'ਤੇ ਫ਼ੋਨ ਕੀਤਾ ਜਾ ਸਕਦਾ ਹੈ। ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਵਿਅਕਤੀ ਨੂੰ ਖੁਦ ਫੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸੀਬੀਐਸਏ ਵਲੋਂ ਵੱਖ-ਵੱਖ ਪੁਲਿਸ ਬਲਾਂ ਦੇ ਸਹਿਯੋਗ ਨਾਲ ਉਸ ਦੀ ਭਾਲ ਵਿੱਚ ਤੇਜ਼ੀ ਲਿਆਂਦੀ ਗਈ ਹੈ।
