
ਕੁੱਝ ਦਿਨ ਪਹਿਲਾਂ ਕਮਿਸ਼ਨ ਨੇ ਅਨੁਮਾਨ ਲਗਾਇਆ ਸੀ ਕਿ ਲਾਪਤਾ ਲੋਕਾਂ ਦੀ ਗਿਣਤੀ 3,500 ਤੋਂ ਵੱਧ ਹੋਵੇਗੀ
ਢਾਕਾ : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵਲੋਂ ਗਠਿਤ ਜਾਂਚ ਕਮਿਸ਼ਨ ਨੇ ਕਿਹਾ ਹੈ ਕਿ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸ਼ਾਸਨ ਕਾਲ ਦੌਰਾਨ ਕਥਿਤ ਤੌਰ ’ਤੇ ਲਾਪਤਾ ਹੋਣ ’ਚ ਭਾਰਤ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਹੈ। ਸਰਕਾਰੀ ਸਮਾਚਾਰ ਏਜੰਸੀ ਬੀ.ਐਸ.ਐਸ. ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਬੰਗਲਾਦੇਸ਼ ਸੰਬਾਦ ਸੰਸਥਾ ਨੇ ਲਾਪਤਾ ਲੋਕਾਂ ਬਾਰੇ ਜਾਂਚ ਕਮਿਸ਼ਨ ਦੇ ਹਵਾਲੇ ਨਾਲ ਕਿਹਾ ਕਿ ਬੰਗਲਾਦੇਸ਼ ਦੀ ਲਾਪਤਾ ਪ੍ਰਣਾਲੀ ਵਿਚ ਭਾਰਤ ਦੀ ਸ਼ਮੂਲੀਅਤ ਜਨਤਕ ਰੀਕਾਰਡ ਦਾ ਵਿਸ਼ਾ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਾਲੇ ਪੰਜ ਮੈਂਬਰੀ ਕਮਿਸ਼ਨ ਮੁਤਾਬਕ ਕਾਨੂੰਨ ਲਾਗੂ ਕਰਨ ਵਾਲੇ ਹਲਕਿਆਂ ’ਚ ਲਗਾਤਾਰ ਇਹ ਸੁਝਾਅ ਮਿਲ ਰਹੇ ਹਨ ਕਿ ਕੁੱਝ ਬੰਗਲਾਦੇਸ਼ੀ ਕੈਦੀ ਅਜੇ ਵੀ ਭਾਰਤੀ ਜੇਲਾਂ ’ਚ ਬੰਦ ਹੋ ਸਕਦੇ ਹਨ।
ਉਨ੍ਹਾਂ ਕਿਹਾ, ‘‘ਅਸੀਂ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨੂੰ ਸਲਾਹ ਦਿੰਦੇ ਹਾਂ ਕਿ ਉਹ ਬੰਗਲਾਦੇਸ਼ੀ ਨਾਗਰਿਕਾਂ ਦੀ ਪਛਾਣ ਕਰਨ ਲਈ ਅਪਣੀ ਪੂਰੀ ਕੋਸ਼ਿਸ਼ ਕਰਨ ਜੋ ਅਜੇ ਵੀ ਭਾਰਤ ਵਿਚ ਨਜ਼ਰਬੰਦ ਹਨ। ਬੰਗਲਾਦੇਸ਼ ਤੋਂ ਬਾਹਰ ਇਸ ਰਸਤੇ ਨੂੰ ਅਪਣਾਉਣਾ ਕਮਿਸ਼ਨ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ।’’ ਕੁੱਝ ਦਿਨ ਪਹਿਲਾਂ ਕਮਿਸ਼ਨ ਨੇ ਅਨੁਮਾਨ ਲਗਾਇਆ ਸੀ ਕਿ ਲਾਪਤਾ ਲੋਕਾਂ ਦੀ ਗਿਣਤੀ 3,500 ਤੋਂ ਵੱਧ ਹੋਵੇਗੀ।