
ਦੋਹਾਂ ਧਿਰਾਂ ਨੇ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ
ਜੰਮੂ : ਭਾਰਤ ਅਤੇ ਪਾਕਿਸਤਾਨ ਨੇ ਸ਼ੁਕਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਆਈ.ਈ.ਡੀ. ਹਮਲੇ ਤੋਂ ਬਾਅਦ ਤਣਾਅ ਘੱਟ ਕਰਨ ਲਈ ਫਲੈਗ ਮੀਟਿੰਗ ਕੀਤੀ। ਸੂਤਰਾਂ ਨੇ ਦਸਿਆ ਕਿ ਬ੍ਰਿਗੇਡ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਚੱਕਨ-ਦਾ-ਬਾਗ ਕਰਾਸਿੰਗ ਪੁਆਇੰਟ ਖੇਤਰ ’ਚ ਹੋਈ, ਜਿਸ ਦੌਰਾਨ ਦੋਹਾਂ ਧਿਰਾਂ ਨੇ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ।
ਹਾਲਾਂਕਿ, ਸਵੇਰੇ 11 ਵਜੇ ਸ਼ੁਰੂ ਹੋਈ 75 ਮਿੰਟ ਦੀ ਬੈਠਕ ਬਾਰੇ ਭਾਰਤੀ ਫੌਜ ਵਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਸੂਤਰਾਂ ਨੇ ਦਸਿਆ ਕਿ ਭਾਰਤੀ ਫੌਜ ਦੇ ਵਫ਼ਦ ਨੇ ਸਰਹੱਦ ਪਾਰੋਂ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ, ਅਤਿਵਾਦੀਆਂ ਵਲੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਅਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੀਆਂ ਹਾਲ ਹੀ ਦੀਆਂ ਘਟਨਾਵਾਂ ’ਤੇ ਵੀ ਸਖ਼ਤ ਇਤਰਾਜ਼ ਪ੍ਰਗਟਾਇਆ।
ਸੂਤਰਾਂ ਮੁਤਾਬਕ ਬੈਠਕ ਸੁਖਾਵੇਂ ਮਾਹੌਲ ’ਚ ਹੋਈ ਅਤੇ ਦੋਵੇਂ ਧਿਰਾਂ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਦੇ ਵਿਆਪਕ ਹਿੱਤ ’ਚ ਜੰਗਬੰਦੀ ਸਮਝੌਤੇ ਦਾ ਸਨਮਾਨ ਕਰਨ ’ਤੇ ਸਹਿਮਤ ਹੋਈਆਂ। ਭਾਰਤ ਅਤੇ ਪਾਕਿਸਤਾਨ ਵਲੋਂ 25 ਫ਼ਰਵਰੀ, 2021 ਨੂੰ ਜੰਗਬੰਦੀ ਸਮਝੌਤੇ ਦੇ ਨਵੀਨੀਕਰਨ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ’ਤੇ ਜੰਗਬੰਦੀ ਦੀ ਉਲੰਘਣਾ ’ਚ ਕਮੀ ਆਈ ਹੈ।
ਜ਼ਿਕਰਯੋਗ ਹੈ ਕਿ 11 ਫ਼ਰਵਰੀ ਨੂੰ ਜੰਮੂ ਖੇਤਰ ਦੇ ਅਖਨੂਰ ਸੈਕਟਰ ’ਚ ਸ਼ੱਕੀ ਅਤਿਵਾਦੀਆਂ ਨੇ ਆਈ.ਈ.ਡੀ. ਦੀ ਵਰਤੋਂ ਕੀਤੀ ਸੀ, ਜਿਸ ’ਚ ਇਕ ਕੈਪਟਨ ਸਮੇਤ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ’ਚ 10 ਅਤੇ 14 ਫ਼ਰਵਰੀ ਨੂੰ ਕੰਟਰੋਲ ਰੇਖਾ ਪਾਰ ਤੋਂ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ’ਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ ਸਨ, ਜਦਕਿ ਪਿਛਲੇ ਹਫਤੇ ਪੁੰਛ ’ਚ ਬਾਰੂਦੀ ਸੁਰੰਗ ਧਮਾਕੇ ’ਚ ਫੌਜ ਦਾ ਇਕ ਹੋਰ ਜਵਾਨ ਜ਼ਖਮੀ ਹੋ ਗਿਆ ਸੀ।
ਭਾਰਤੀ ਫੌਜ ਦੀ ਜਵਾਬੀ ਗੋਲੀਬਾਰੀ ’ਚ ਪਾਕਿਸਤਾਨ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਤੁਰਤ ਪਤਾ ਨਹੀਂ ਲੱਗ ਸਕਿਆ ਪਰ ਅਧਿਕਾਰੀਆਂ ਨੇ ਕਿਹਾ ਕਿ ਦੁਸ਼ਮਣ ਬਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਸੂਤਰਾਂ ਨੇ ਦਸਿਆ ਕਿ ਪੁੰਛ ਦੇ ਦਿਗਵਾਰ ਸੈਕਟਰ ਦੇ ਨਕਰਕੋਟ ਇਲਾਕੇ ’ਚ ਜ਼ੀਰੋ ਲਾਈਨ ’ਤੇ ਸਵੇਰੇ 9:20 ਵਜੇ ਧਮਾਕਾ ਹੋਇਆ ਪਰ ਕੋਈ ਜ਼ਖਮੀ ਨਹੀਂ ਹੋਇਆ। ਉਨ੍ਹਾਂ ਦਸਿਆ ਕਿ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
(ਪੀਟੀਆਈ)