
ਪਾਕਿਸਤਾਨ ਨੂੰ ਸਦਾਬਹਾਰ ਦੋਸਤ ਚੀਨ ਤੋਂ 2 ਅਰਬ ਡਾਲਰ ਦਾ ਨਵਾਂ ਕਰਜ਼ਾ ਮਿਲ ਜਾਵੇਗਾ
ਇਸਲਾਮਾਬਾਦ- ਪਾਕਿਸਤਾਨ ਦੇ ਵਿੱਤ ਮੰਤਰਾਲਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਰੁਪਇਆਂ ਦੀ ਭਾਰੀ ਕਮੀ ਨਾਲ ਜੱਦੋਜਹਿਦ ਕਰ ਰਹੇ ਪਾਕਿਸਤਾਨ ਨੂੰ ਸਦਾਬਹਾਰ ਦੋਸਤ ਚੀਨ ਤੋਂ 2 ਅਰਬ ਡਾਲਰ ਦਾ ਨਵਾਂ ਕਰਜ਼ਾ ਮਿਲ ਜਾਵੇਗਾ। ਵਿੱਤ ਮੰਤਰਾਲੇ ਦੇ ਸਲਾਹਕਾਰ ਤੇ ਬੁਲਾਰਾ ਖਕਾਨ ਖ਼ਾਨ ਨਜ਼ੀਬ ਖ਼ਾਨ ਨੇ ਕਿਹਾ ਕਿ ਚੀਨ ਤੋਂ ਮਿਲਣ ਵਾਲੇ 2.1 ਅਰਬ ਡਾਲਰ ਦੇ ਕਰਜ਼ੇ ਲਈ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਹ ਰਕਮ 25 ਮਾਰਚ ਤੱਕ ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਖ਼ਾਤੇ 'ਚ ਜਮ੍ਹਾ ਹੋ ਜਾਵੇਗੀ। ਬੁਲਾਰੇ ਨੇ ਕਿਹਾ ਕਿ ਇਸ ਕਰਜ਼ੇ ਨਾਲ ਵਿਦੇਸ਼ ਮੁੱਦਰਾ ਭੰਡਾਰ ਮਜ਼ਬੂਤ ਹੋਵੇਗਾ ਤੇ ਭੁਗਤਾਨ ਦੇ ਹਾਲਾਤ ਦਾ ਸੰਤੁਲਨ ਪੱਕਾ ਹੋਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਮਦਦ ਵਜੋਂ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਵੀ ਇਕ–ਇਕ ਅਰਬ ਡਾਲਰ ਮਿਲ ਚੁੱਕੇ ਹਨ।