
ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਦੇ ਮਾਮਲੇ ’ਚ ਮੈਕਸੀਕੋ ਤੋਂ ਬਾਅਦ ਦੂਜਾ ਸੱਭ ਤੋਂ ਵੱਡਾ ਦੇਸ਼ ਬਣ ਗਿਆ ਭਾਰਤ
ਨਵੀਂ ਦਿੱਲੀ: ਸਾਲ 2022 ’ਚ 65,960 ਭਾਰਤੀ ਅਧਿਕਾਰਤ ਤੌਰ ’ਤੇ ਅਮਰੀਕੀ ਨਾਗਰਿਕ ਬਣੇ, ਜਿਸ ਨਾਲ ਭਾਰਤ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਦੇ ਮਾਮਲੇ ’ਚ ਮੈਕਸੀਕੋ ਤੋਂ ਬਾਅਦ ਦੂਜਾ ਸੱਭ ਤੋਂ ਵੱਡਾ ਦੇਸ਼ ਬਣ ਗਿਆ। ਅਮਰੀਕੀ ਮਰਦਮਸ਼ੁਮਾਰੀ ਬਿਊਰੋ ਦੇ ਅਮਰੀਕਨ ਕਮਿਊਨਿਟੀ ਸਰਵੇ ਦੇ ਅੰਕੜਿਆਂ ਮੁਤਾਬਕ 2022 ’ਚ ਵਿਦੇਸ਼ੀ ਮੂਲ ਦੇ 4.6 ਕਰੋੜ ਲੋਕ ਅਮਰੀਕਾ ’ਚ ਰਹਿੰਦੇ ਸਨ, ਜੋ ਅਮਰੀਕਾ ਦੀ ਕੁਲ 33.33 ਕਰੋੜ ਆਬਾਦੀ ਦਾ ਲਗਭਗ 14 ਫੀ ਸਦੀ ਹੈ।
ਸੁਤੰਤਰ ਕਾਂਗਰੇਸ਼ਨਲ ਰੀਸਰਚ ਸਰਵਿਸ (ਸੀ.ਆਰ.ਐੱਸ.) ਵਲੋਂ ਵਿੱਤੀ ਸਾਲ 2022 ਲਈ ਅਮਰੀਕੀ ਕੁਦਰਤੀਕਰਨ ਨੀਤੀ ’ਤੇ 15 ਅਪ੍ਰੈਲ ਦੀ ਤਾਜ਼ਾ ਰੀਪੋਰਟ ਦੇ ਅਨੁਸਾਰ, ਵਿੱਤੀ ਸਾਲ 2022 ’ਚ 969,380 ਵਿਅਕਤੀ ਅਮਰੀਕੀ ਨਾਗਰਿਕ ਬਣੇ। ਰੀਪੋਰਟ ’ਚ ਕਿਹਾ ਗਿਆ, ‘‘ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ’ਚ ਸੱਭ ਤੋਂ ਜ਼ਿਆਦਾ ਗਿਣਤੀ ਮੈਕਸੀਕੋ ’ਚ ਜਨਮੇ ਲੋਕਾਂ ਦੀ ਹੈ। ਇਸ ਤੋਂ ਬਾਅਦ ਭਾਰਤ, ਫਿਲੀਪੀਨਜ਼, ਕਿਊਬਾ ਅਤੇ ਡੋਮਿਨਿਕਨ ਗਣਰਾਜ ਦੇ ਲੋਕਾਂ ਨੂੰ ਸੱਭ ਤੋਂ ਵੱਧ ਅਮਰੀਕੀ ਨਾਗਰਿਕਤਾ ਮਿਲੀ।’’
ਸੀ.ਆਰ.ਐਸ. ਨੇ ਦਸਿਆ ਕਿ 2022 ’ਚ 1,28,878 ਮੈਕਸੀਕਨ ਅਮਰੀਕੀ ਨਾਗਰਿਕ ਬਣੇ। ਇਸ ਤੋਂ ਬਾਅਦ ਭਾਰਤ (65,960), ਫਿਲੀਪੀਨਜ਼ (53,413), ਕਿਊਬਾ (46,913), ਡੋਮਿਨਿਕਨ ਗਣਰਾਜ (34,525), ਵੀਅਤਨਾਮ (33,246) ਅਤੇ ਚੀਨ (27,038) ਦਾ ਨੰਬਰ ਆਉਂਦਾ ਹੈ।
ਰੀਪੋਰਟ ’ਚ ਕਿਹਾ ਗਿਆ ਹੈ ਕਿ 2023 ਤਕ ਭਾਰਤ ਤੋਂ ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕਾਂ ਦੀ ਗਿਣਤੀ 2,831,330 ਸੀ, ਜੋ ਮੈਕਸੀਕੋ (10,638,429) ਤੋਂ ਬਾਅਦ ਦੂਜੀ ਸੱਭ ਤੋਂ ਵੱਧ ਹੈ। ਇਸ ਤੋਂ ਬਾਅਦ ਚੀਨ ਇਸ ਸੂਚੀ ’ਚ ਪਹਿਲੇ ਨੰਬਰ ’ਤੇ (2,225,447) ਹੈ। ਸੀ.ਆਰ.ਐਸ. ਦੀ ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਰਹਿ ਰਹੇ ਭਾਰਤੀ ਮੂਲ ਦੇ ਲਗਭਗ 42 ਫੀ ਸਦੀ ਵਿਦੇਸ਼ੀ ਨਾਗਰਿਕ ਇਸ ਸਮੇਂ ਅਮਰੀਕੀ ਨਾਗਰਿਕ ਬਣਨ ਦੇ ਅਯੋਗ ਹਨ।