
ਕਵਰੇਜ਼ ਲਈ ਵਿਦੇਸ਼ੀ ਪੱਤਰਕਾਰਾਂ ਨੇ ਆਉਣਾ ਸ਼ੁਰੂ ਕੀਤਾ...
ਪਿਉਂਗਯਾਂਗ, 22 ਮਈ : ਉੱਤਰੀ ਕੋਰੀਆ ਇਸ ਹਫ਼ਤੇ ਦੇ ਅੰਤ ਵਿਚ ਅਪਣੇ ਪ੍ਰਮਾਣੂ ਪ੍ਰੀਖਣ ਸਥਲ ਨੂੰ ਬੰਦ ਕਰ ਦੇਵੇਗਾ। ਇਸ ਇਤਿਹਾਸਿਕ ਘਟਨਾ ਨੂੰ ਕਵਰ ਕਰਨ ਲਈ ਵਿਦੇਸ਼ੀ ਪੱਤਰਕਾਰ ਵੱਡੀ ਗਿਣਤੀ ਵਿਚ ਉਥੇ ਪਹੁੰਚ ਰਹੇ ਹਨ। ਸ਼ੁਰੂਆਤ 'ਚ ਦਖਣੀ ਕੋਰੀਆ ਦੇ ਮੀਡੀਆ ਪੱਤਰਕਾਰਾਂ ਨੇ ਵੀ ਇਥੇ ਆਉਣਾ ਸੀ, ਪਰ ਮੰਗਲਵਾਰ ਨੂੰ ਉਨ੍ਹਾਂ ਨੂੰ ਬੀਜਿੰਗ ਤੋਂ ਚਾਰਟਡ ਜਹਾਜ਼ 'ਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿਤੀ ਗਈ।ਪਿਉਂਗਯਾਂਗ ਮੀਡੀਆ ਕਰਮਚਾਰੀਆਂ ਦੇ ਛੋਟੇ ਸਮੂਹ ਨੂੰ ਹੀ ਪ੍ਰੀਖਣ ਸਥਲ ਤਕ ਜਾਣ ਦੀ ਇਜਾਜ਼ਤ ਦੇ ਰਿਹਾ ਹੈ।
ਉਹ ਚਾਹੁੰਦਾ ਹੈ ਕਿ ਭੂਮੀਗਤ ਪਰੀਖਣ ਅਤੇ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦੀ ਲਾਂਚ ਨੂੰ ਰੋਕ ਦੇਣ ਦੇ ਉਸ ਦੇ ਵਾਅਦੇ ਦਾ ਪ੍ਰਚਾਰ ਹੋਵੇ।ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ 12 ਜੂਨ ਨੂੰ ਹੋਣ ਵਾਲੀ ਸ਼ਿਖਰ ਬੈਠਕ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਪ੍ਰਮਾਣੂ ਪ੍ਰੋਗਰਾਮ ਨੂੰ ਮੁਅੱਤਲ ਕਰਨ ਦਾ ਇਹ ਇਕ ਪਾਸੜ ਐਲਾਨ ਕੀਤਾ ਹੈ।
Kim Jong Un
ਪਰ ਦਖਣੀ ਕੋਰੀਆ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਮਿਲਟਰੀ ਅਭਿਆਸ ਨੂੰ ਲੈ ਕੇ ਉੱਤਰੀ ਕੋਰੀਆ ਨੇ ਸੋਲ ਦੇ ਨਾਲ ਉੱਚ ਪਧਰੀ ਸਬੰਧ ਖ਼ਤਮ ਕਰ ਦਿਤੇ ਹਨ। ਸ਼ਿਖਰ ਬੈਠਕ ਦੀ ਸਫ਼ਲਤਾ ਨੂੰ ਲੈ ਕੇ ਚਿੰਤਾਵਾਂ ਵਿਚਕਾਰ ਦਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਮੰਗਲਵਾਰ ਨੂੰ ਵਾਸ਼ਿੰਗਟਨ 'ਚ ਟਰੰਪ ਨਾਲ ਮੁਲਾਕਾਤ ਕਰਨਗੇ। (ਪੀਟੀਆਈ)