
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੇਤਨਯਾਹੂ ਵਿਰੁਧ ਵੀਰਵਾਰ ਨੂੰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ.....
ਯਰੂਸ਼ਲਮ : ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੇਤਨਯਾਹੂ ਵਿਰੁਧ ਵੀਰਵਾਰ ਨੂੰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਾਰਾ 'ਤੇ ਦੋਸ਼ ਹੈ ਕਿ ਉਨ੍ਹਾਂ ਅਪਣੀ ਅਧਿਕਾਰਕ ਰਿਹਾਇਸ਼ 'ਤੇ ਖਾਣਾ ਆਰਡਰ ਕਰਨ ਲਈ ਰਾਸ਼ਟਰੀ ਫ਼ੰਡ ਦੀ ਗ਼ਲਤ ਵਰਤੋਂ ਕੀਤੀ ਹੈ। ਇਜ਼ਰਾਇਲੀ ਅਖ਼ਬਾਰ 'ਹੇਰਾਤਜ਼' ਮੁਤਾਬਕ ਨੇਤਨਯਾਹੂ ਦੀ ਪਤਨੀ ਅਤੇ ਉਨ੍ਹਾਂ ਦੇ ਦਫ਼ਤਰ ਦੇ ਡਿਪਟੀ ਡਾਇਰੈਕਟਰ ਨੇ ਖਾਣਾ ਉਸ ਸਮੇਂ ਆਰਡਰ ਕੀਤਾ, ਜਦੋਂ ਘਰ 'ਚ ਰਸੋਈਆ ਮੌਜੂਦ ਸੀ। ਇਜ਼ਰਾਇਲ ਦੇ ਨਿਆਂ ਵਿਭਾਗ ਵਲੋਂ ਇਹ ਜਾਣਕਾਰੀ ਦਿਤੀ ਗਈ।
ਰੀਪੋਰਟ ਮੁਤਾਬਕ ਸਾਰਾ ਨੇਤਨਯਾਹੂ ਨੇ ਯਰੂਸ਼ਲਮ ਸਥਿਤ ਘਰ ਵਿਚ ਲਗਭਗ 100 ਮਿਲੀਅਨ ਡਾਲਰ ਦਾ ਖਾਣਾ ਆਰਡਰ ਕੀਤਾ। ਸਾਰਾ ਨੇ ਖਾਣਾ ਸਾਲ 2010 ਤੋਂ 2013 ਵਿਚਕਾਰ ਕਈ ਰੈਸਟੋਰੈਂਟਾਂ ਤੋਂ ਆਰਡਰ ਕੀਤਾ ਅਤੇ ਨਿਯਮਾਂ ਨੂੰ ਤੋੜਿਆ। ਨਿਯਮ ਤਹਿਤ ਜਦੋਂ ਪ੍ਰਧਾਨ ਮੰਤਰੀ ਦੇ ਘਰ 'ਚ ਦਫ਼ਤਰੀ ਤੌਰ 'ਤੇ ਰਸੋਈਆ ਮੌਜੂਦਾ ਰਹਿੰਦਾ ਹੈ ਤਾਂ ਬਾਹਰ ਤੋਂ ਖਾਣਾ ਆਰਡਰ ਕਰਨ ਦੀ ਮਨਜੂਰੀ ਨਹੀਂ ਹੁੰਦੀ।
ਸਾਰਾ ਵਿਰੁਧ ਧੋਖਾਧੜੀ ਅਤੇ ਭਰੋਸਾ ਤੋੜਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੈਂਜਾਮਿਨ ਨੇਤਨਯਾਹੂ ਖ਼ੁਦ ਵੀ ਭ੍ਰਿਸ਼ਟਾਚਾਰ ਦੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਬੈਂਜਾਮਿਨ ਨੇਤਨਯਾਹੂ ਨੇ ਇਨ੍ਹਾਂ ਦੋਸ਼ਾਂ ਨੂੰ ਇਕਦਮ ਬਕਵਾਸ ਅਤੇ ਝੂਠਾ ਕਰਾਰ ਦਿਤਾ ਹੈ। (ਏਜੰਸੀ)