
25 ਲੱਖ ਨਵੇਂ ਰੁਜ਼ਗਾਰ ਵਧਣ ਨਾਲ ਮਹੀਨਾਵਾਰ ਦਰ ਮਈ 'ਚ ਘੱਟ ਕੇ 13.3 ਫ਼ੀ ਸਦੀ ਹੋਈ
ਵਾਸ਼ਿੰਗਟਨ, 21 ਜੂਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਅਰਥਵਿਵਸਥਾ 'ਹੈਰਾਨੀਜਨਕ' ਢੰਗ ਨਾਲ ਚੰਗਾ ਕੰਮ ਕਰ ਰਹੀ ਹੈ। ਰੁਜ਼ਗਾਰਾਂ ਦੀ ਗਿਣਤੀ ਦੇ ਮਾਮਲੇ ਵਿਚ ਅਮਰੀਕਾ ਰੀਕਾਰਡ ਬਣਦਾ ਦੇਖ ਰਿਹਾ ਹੈ। ਟਰੰਪ ਨੇ ਸਨਿਚਰਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪ੍ਰਭਾਵਤ ਅਮਰੀਕੀ ਅਰਥਵਿਵਸਥਾ 'ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਇਹ ਗੱਲ ਕਹੀ। ਅਮਰੀਕਾ ਵਿਚ ਅਪ੍ਰੈਲ 'ਚ ਬੇਰੁਜ਼ਗਾਰੀ ਦਰ 14.7 ਫ਼ੀ ਸਦੀ ਸੀ ਜੋ 1948 ਦੇ ਬਾਅਦ ਤੋਂ ਸਭ ਤੋਂ ਵਧੇਰੇ ਸੀ। ਹੁਣ 25 ਲੱਖ ਨਵੇਂ ਰੁਜ਼ਗਾਰ ਵਧਣ ਨਾਲ ਮਹੀਨਾਵਾਰ ਦਰ ਮਈ ਵਿਚ ਘੱਟ ਕੇ 13.3 ਫ਼ੀ ਸਦੀ ਹੋ ਗਈ। ਅਮਰੀਕਾ ਵਿਚ ਮਾਰਚ ਅਤੇ ਅਪ੍ਰੈਲ ਵਿਚ ਕਰੀਬ 2.2 ਕਰੋੜ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਜਦੋਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਕੋਰੋਨਾ ਵਾਇਰਸ ਦੇ ਕਾਰਨ ਤਾਲਾਬੰਦੀ ਲੱਗੀ ਸੀ।
Donald Trump
ਮਈ ਵਿਚ ਕੁਝ ਕਾਰੋਬਾਰ ਫਿਰ ਖੁੱਲ੍ਹੇ ਅਤੇ ਉਹਨਾਂ ਨੇ ਕਰਮਚਾਰੀਆਂ ਦੀ ਭਰਤੀ ਮੁੜ ਸ਼ੁਰੂ ਕੀਤੀ। ਟਰੰਪ ਨੇ ਰੁਜ਼ਗਾਰ ਦੀ ਗਿਣਤੀ ਨੂੰ ਅਪਣੇ ਪ੍ਰਸ਼ਾਸਨ ਦੇ ਚੰਗੇ ਕੰਮਕਾਜ਼ ਦੀ ਪੁਸ਼ਟੀ ਕਰਾਰ ਦਿਤਾ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ,''ਅਮਰੀਕੀ ਅਰਥਵਿਵਸਥਾ ਹੈਰਾਨੀਜਨਕ ਢੰਗ ਨਾਲ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਮੈਂ ਕਹਾਂਗਾ ਕਿ ਜਿਹੜੀ ਗਿਣਤੀ ਸਾਹਮਣੇ ਆ ਰਹੀ ਹੈ ਉਹ ਰੀਕਾਰਡ ਬਣਾਉਣ ਵਾਲੀ ਹੈ।'' ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਅਤੇ ਵ੍ਹਾਈਟ ਹਾਊਸ ਵਿਚ ਆਰਥਕ ਸਲਾਹਕਾਰ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਕੇਬਿਨ ਹਾਸੇਟ ਨੇ ਸੀ.ਐੱਨ.ਐੱਨ. ਨੂੰ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਇੰਨੀ ਤੇਜ਼ੀ ਨਾਲ ਸਧਾਰਨ ਹੋਣ ਵਲ ਪਰਤ ਰਹੀ ਹੈ ਜਿੰਨਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ।
ਉਹਨਾਂ ਨੇ ਕਿਹਾ,''ਮੈਨੂੰ ਲਗਦਾ ਹੈ ਕਿ ਇਸ ਸਮੇਂ ਅਰਥਸ਼ਾਸਤਰੀਆਂ ਨੂੰ ਨਰਮ ਹੋਣਾ ਪਵੇਗਾ ਅਤੇ ਮੰਨਣਾ ਹੋਵੇਗਾ ਕਿ ਜਦੋਂ 17 ਰਾਜਾਂ ਵਿਚ ਕ੍ਰੈਡਿਟ ਕਾਰਡ ਤੋਂ ਖ਼ਰਚ ਪਿਛਲੇ ਸਾਲ ਨਾਲੋਂ ਵੱਧ ਹੋਇਆ ਹੈ ਤਾਂ ਇਸ ਦਾ ਮਤਲਬ ਹੈ ਕਿ ਅਰਥਵਿਵਸਥਾ ਅਸਲ ਵਿਚ ਬਹੁਤ ਤੇਜ਼ੀ ਨਾਲ ਆਮ ਹੋ ਰਹੀ ਹੈ। ਜਿੰਨਾ ਮੈਂ ਸੋਚਿਆ ਵੀ ਨਹੀਂ ਸੀ।'' ਹਾਸੇਟ ਨੇ ਇਹ ਵੀ ਸਵੀਕਾਰ ਕੀਤਾ ਕਿ ਜੇਕਰ ਕੋਰੋਨਾ ਵਾਇਰਸ ਦਾ ਦੂਜਾ ਦੌਰ ਆਇਆ ਤਾਂ ਅਰਥਵਿਵਸਥਾ 'ਤੇ ਅਸਰ ਪਵੇਗਾ। ਉਹਨਾਂ ਨੇ ਸ਼ੁਕਰਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਧਿਆਨ ਵੱਡੀ, ਸਭ ਤੋਂ ਮਜ਼ਬੂਤ ਅਰਥਵਿਵਸਥਾ ਦੇ ਨਿਰਮਾਣ 'ਤੇ ਹੈ ਜਿਵੇਂ ਕਿ ਅਮਰੀਕਾ ਵਿਚ ਕਦੇ ਹੁੰਦੀ ਸੀ।