
ਇਹ ਘਟਨਾ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਅਟਕ ਜ਼ਿਲ੍ਹੇ ਦੇ ਢੇਰੀ ਕੋਟ ਇਲਾਕੇ ਵਿੱਚ ਵਾਪਰੀ
Pakistan school van open fire : ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵੀਰਵਾਰ ਨੂੰ ਬੰਦੂਕਧਾਰੀਆਂ ਨੇ ਇਕ ਸਕੂਲ ਵੈਨ 'ਤੇ ਗੋਲੀਬਾਰੀ ਕਰ ਦਿੱਤੀ, ਜਿਸ 'ਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।
ਇਹ ਘਟਨਾ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਅਟਕ ਜ਼ਿਲ੍ਹੇ ਦੇ ਢੇਰੀ ਕੋਟ ਇਲਾਕੇ ਵਿੱਚ ਵਾਪਰੀ। ਪੁਲਿਸ ਮੁਤਾਬਕ ਸਕੂਲ ਵੈਨ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਹੀ ਸੀ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਪੁਲਿਸ ਨੇ ਕਿਹਾ, ''ਹਮਲੇ 'ਚ 5 ਤੋਂ 10 ਸਾਲ ਦੀ ਉਮਰ ਦੇ ਸੱਤ ਬੱਚੇ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ 2 ਹੋਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸੀਨੀਅਰ ਪੁਲਿਸ ਅਧਿਕਾਰੀ ਸਰਦਾਰ ਘਿਆਸ ਗੁਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਬੰਦੂਕਧਾਰੀਆਂ ਨੂੰ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਸਾਰੇ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਡਰਾਈਵਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਜਾਂ ਕੀ ਘਟਨਾ ਦਾ ਅੱਤਵਾਦ ਨਾਲ ਸਬੰਧ ਹੈ।
ਗ੍ਰਹਿ ਮੰਤਰੀ ਮੋਹਸਿਨ ਨਕਵੀ ਅਤੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਕਿਹਾ ਕਿ ਸਕੂਲ ਵੈਨ ਨੂੰ ਨਿਸ਼ਾਨਾ ਬਣਾਉਣ ਦੇ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਲੋਕ ਇਨਸਾਫ਼ ਦੇ ਕਟਹਿਰੇ ਤੋਂ ਬਚ ਨਹੀਂ ਸਕਣਗੇ।
ਮੁੱਖ ਮੰਤਰੀ ਨੇ ਪੁਲਿਸ ਨੂੰ ਹਮਲਾਵਰਾਂ ਦੀ ਜਲਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸਕੂਲੀ ਬੱਚਿਆਂ 'ਤੇ ਹਮਲੇ ਦੀ ਨਿੰਦਾ ਕੀਤੀ ਹੈ।