
ਦੁਵਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ
Quad Summit 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਲਮਿੰਗਟਨ ’ਚ ਕਵਾਡ ਸਿਖਰ ਸੰਮੇਲਨ ਤੋਂ ਇਲਾਵਾ ਜਾਪਾਨ ਅਤੇ ਆਸਟ੍ਰੇਲੀਆ ਦੇ ਅਪਣੇ ਹਮਰੁਤਬਾ ਨਾਲ ‘ਬਹੁਤ ਲਾਭਦਾਇਕ’ ਬੈਠਕਾਂ ਕੀਤੀਆਂ। ਮੋਦੀ ਨੇ ਸਨਿਚਰਵਾਰ ਨੂੰ ਵਿਲਮਿੰਗਟਨ ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ।
ਤਿੰਨਾਂ ਨੇਤਾਵਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਕਰਵਾਏ ‘ਕਵਾਡ’ ਸਿਖਰ ਸੰਮੇਲਨ ਤੋਂ ਇਲਾਵਾ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਅਤੇ ਅਲਬਾਨੀਜ਼ ਨੇ ਦੁਵਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਅਪਣੀ ਵਚਨਬੱਧਤਾ ਜ਼ਾਹਰ ਕੀਤੀ, ਜਦਕਿ ਮੋਦੀ ਨੇ ਕਿਹਾ ਕਿ ਉਹ ਆਸਟਰੇਲੀਆ ਨਾਲ ‘ਸਮੇਂ ਦੀ ਕਸੌਟੀ ’ਤੇ ਖਰੀ ਉਤਰੀ ਦੋਸਤੀ’ ਤੋਂ ਆਨੰਦਿਤ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਪ੍ਰਧਾਨ ਮੰਤਰੀ ਅਲਬਾਨੀਜ਼ ਨਾਲ ਵਿਸਥਾਰ ਪੂਰਵਕ ਚਰਚਾ ਹੋਈ। ਅਸੀਂ ਵਪਾਰ, ਸੁਰੱਖਿਆ, ਪੁਲਾੜ ਅਤੇ ਸਭਿਆਚਾਰ ਵਰਗੇ ਖੇਤਰਾਂ ’ਚ ਹੋਰ ਗਤੀ ਲਿਆਉਣਾ ਚਾਹੁੰਦੇ ਹਾਂ। ਭਾਰਤ ਸਮੇਂ ਦੀ ਪਰਖ ਕੀਤੀ ਦੋਸਤੀ ਨੂੰ ਬਹੁਤ ਮਹੱਤਵ ਦਿੰਦਾ ਹੈ।’’
ਜਦਕਿ ਅਲਬਾਨੀਜ਼ ਨੇ ਟਵੀਟ ਕੀਤਾ, ‘‘ਅੱਜ ਕਵਾਡ ਸਿਖਰ ਸੰਮੇਲਨ ਦੌਰਾਨ ਸਾਡੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰ ਕੇ ਬਹੁਤ ਵਧੀਆ ਲੱਗਾ।’’
ਵਿਦੇਸ਼ ਮੰਤਰਾਲੇ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਲਾਵੇਅਰ ਦੇ ਵਿਲਮਿੰਗਟਨ ’ਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ। ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਆਪਸੀ ਲਾਭ ਅਤੇ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਭਾਰਤ-ਆਸਟਰੇਲੀਆ ਦੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਅਪਣੀ ਵਚਨਬੱਧਤਾ ਦੁਹਰਾਈ।’’
ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨਾਲ ਵੀ ਬਹੁਤ ਲਾਭਦਾਇਕ ਬੈਠਕ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ ਅਤੇ ਜਾਪਾਨ ਦੇ ਸਬੰਧਾਂ ਦੀ ਸਮੀਖਿਆ ਕੀਤੀ। ‘ਐਕਸ’ ’ਤੇ ਇਕ ਹੋਰ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਕਿਸ਼ੀਦਾ ਨਾਲ ਬਹੁਤ ਚੰਗੀ ਮੁਲਾਕਾਤ ਹੋਈ। ਬੁਨਿਆਦੀ ਢਾਂਚੇ, ਸੈਮੀਕੰਡਕਟਰ ਰੱਖਿਆ, ਹਰੀ ਊਰਜਾ ਅਤੇ ਹੋਰ ਖੇਤਰਾਂ ’ਚ ਸਹਿਯੋਗ ਬਾਰੇ ਚਰਚਾ ਕੀਤੀ। ਆਲਮੀ ਖੁਸ਼ਹਾਲੀ ਲਈ ਭਾਰਤ-ਜਾਪਾਨ ਮਜ਼ਬੂਤ ਸਬੰਧ ਚੰਗੇ ਹਨ।’’