
ਐਲ.ਏ.ਸੀ. ’ਤੇ ਪਛਮੀ ਥੀਏਟਰ ਕਮਾਂਡ ਦੀ ਤਾਇਨਾਤੀ 2023 ਵਿਚ ਵੀ ਜਾਰੀ ਰਹਿਣ ਦੀ ਸੰਭਾਵਨਾ : ਰੀਪੋਰਟ
ਵਾਸ਼ਿੰਗਟਨ: ਅਮਰੀਕੀ ਰਖਿਆ ਮੰਤਰਾਲੇ ਦੇ ਮੁੱਖ ਦਫਤਰ ਪੈਂਟਾਗਨ ਦੀ ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਵਿਵਾਦ ਵਿਚਕਾਰ 2022 ’ਚ ਸੁਰੱਖਿਆ ਬਲਾਂ ਦੀ ਤਾਇਨਾਤੀ ਵਧਾ ਦਿਤੀ ਸੀ ਅਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਜਾਰੀ ਰਖਿਆ, ਜਿਸ ’ਚ ਡੋਕਲਾਮ ਦੇ ਨੇੜੇ ਜ਼ਮੀਨਦੋਜ਼ ਭੰਡਾਰਨ ਕੇਂਦਰ, ਪੈਂਗੌਂਗ ਝੀਲ ’ਤੇ ਦੂਜਾ ਪੁਲ ਅਤੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨੇੜੇ ਇਕ ਹਵਾਈ ਅੱਡਾ ਅਤੇ ਵੱਖ-ਵੱਖ ਹੈਲੀਪੈਡਾਂ ਦਾ ਨਿਰਮਾਣ ਸ਼ਾਮਲ ਹੈ।
ਭਾਰਤ ਅਤੇ ਚੀਨ ਨੇ ਵਿਆਪਕ ਕੂਟਨੀਤਕ ਅਤੇ ਫੌਜੀ ਗੱਲਬਾਤ ਤੋਂ ਬਾਅਦ ਕਈ ਖੇਤਰਾਂ ਤੋਂ ਫੌਜਾਂ ਨੂੰ ਹਟਾ ਲਿਆ ਹੈ, ਫਿਰ ਵੀ ਪਿਛਲੇ ਤਿੰਨ ਸਾਲਾਂ ਤੋਂ ਪੂਰਬੀ ਲੱਦਾਖ ਦੀਆਂ ਵੱਖ-ਵੱਖ ਥਾਵਾਂ ’ਤੇ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਕਾਰ ਟਕਰਾਅ ਜਾਰੀ ਹੈ। ‘ਮਿਲਟਰੀ ਐਂਡ ਸਕਿਓਰਿਟੀ ਡਿਵੈਲਪਮੈਂਟਸ ਇਨਵੋਲਵਿੰਗ ਦ ਪੀਪਲਜ਼ ਰੀਪਬਲਿਕ ਆਫ ਚਾਈਨਾ’ ਰੀਪੋਰਟ, 2023 ਅਨੁਸਾਰ: ‘‘ਮਈ 2020 ਦੇ ਸ਼ੁਰੂ ਤੋਂ, ਭਾਰਤ-ਚੀਨ ਸਰਹੱਦ ’ਤੇ ਜਾਰੀ ਤਣਾਅ ਨੇ ਪਛਮੀ ਥੀਏਟਰ ਕਮਾਂਡ ਦਾ ਧਿਆਨ ਖਿੱਚਿਆ ਹੈ।’’
ਅਮਰੀਕੀ ਰਖਿਆ ਵਿਭਾਗ ਵਲੋਂ ਇਸ ਮਹੀਨੇ ਜਾਰੀ ਕੀਤੀ ਗਈ ਇਕ ਰੀਪੋਰਟ ’ਚ ਕਿਹਾ ਗਿਆ ਹੈ, ‘‘ਸਰਹੱਦ ਨਿਰਧਾਰਣ ਬਾਰੇ ਭਾਰਤ ਅਤੇ ਪੀਪਲਜ਼ ਰੀਪਬਲਿਕ ਆਫ ਚਾਈਨਾ (ਪੀ.ਆਰ.ਸੀ.) ਦਰਮਿਆਨ ਵੱਖੋ-ਵੱਖਰੀਆਂ ਧਾਰਨਾਵਾਂ ਹਨ। ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਅਤੇ ਦੋਹਾਂ ਧਿਰਾਂ ਦੇ ਹਾਲੀਆ ਬੁਨਿਆਦੀ ਢਾਂਚੇ ਦੇ ਨਿਰਮਾਣ ਕਾਰਨ ਕਈ ਝੜਪਾਂ ਹੋਈਆਂ, ਰੇੜਕਾ ਜਾਰੀ ਰਿਹਾ ਅਤੇ ਸਾਂਝੀ ਸਰਹੱਦ ’ਤੇ ਫ਼ੌਜੀਆਂ ਦੀ ਤੈਨਾਤੀ ਹੋਈ।’’
ਰੀਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਨੇ 2022 ’ਚ ਵੀ ਐਲ.ਏ.ਸੀ. ਨਾਲ ਫ਼ੌਜੀ ਬੁਨਿਆਦੀ ਢਾਂਚੇ ਦਾ ਨਿਰਮਾਣ ਜਾਰੀ ਰਖਿਆ। ਰੀਪੋਰਟ ਅਨੁਸਾਰ, ‘‘ਇਸ ਬੁਨਿਆਦੀ ਢਾਂਚੇ ’ਚ ਡੋਕਲਾਮ ਦੇ ਨੇੜੇ ਜ਼ਮੀਨਦੋਜ਼ ਸਟੋਰੇਜ ਸਹੂਲਤਾਂ, ਐਲ.ਏ.ਸੀ. ਦੇ ਤਿੰਨੋਂ ਖੇਤਰਾਂ ’ਚ ਨਵੀਂਆਂ ਸੜਕਾਂ, ਗੁਆਂਢੀ ਭੂਟਾਨ ’ਚ ਵਿਵਾਦਿਤ ਖੇਤਰਾਂ ’ਚ ਨਵੇਂ ਪਿੰਡ, ਪੈਂਗੌਂਗ ਝੀਲ ’ਤੇ ਦੂਜਾ ਪੁਲ, ਇਕ ਹਵਾਈ ਅੱਡਾ ਅਤੇ ਕਈ ਹੈਲੀਪੈਡ ਸ਼ਾਮਲ ਹਨ।’’
ਰੀਪੋਰਟ ’ਚ ਕਿਹਾ ਗਿਆ ਹੈ ਕਿ ਜੂਨ 2020 ’ਚ ਗਲਵਾਨ ਵਾਦੀ ’ਚ ਪੀ.ਆਰ.ਸੀ. ਅਤੇ ਭਾਰਤੀ ਗਸ਼ਤੀ ਟੀਮਾਂ ਵਿਚਕਾਰ ਹਿੰਸਕ ਝੜਪ ਤੋਂ ਬਾਅਦ, ‘ਵੈਸਟਰਨ ਥੀਏਟਰ ਕਮਾਂਡ’ ਨੇ ਵੱਡੀ ਗਿਣਤੀ ’ਚ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ ਜਵਾਨਾਂ ਨੂੰ ਐਲ.ਏ.ਸੀ. ’ਤੇ ਤਾਇਨਾਤ ਕੀਤਾ ਸੀ।
15 ਜੂਨ 2020 ਨੂੰ ਗਲਵਾਨ ਵਾਦੀ ’ਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਤਣਾਅਪੂਰਨ ਹੋ ਗਏ ਸਨ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਐਲ.ਏ.ਸੀ. ’ਤੇ ਪਛਮੀ ਥੀਏਟਰ ਕਮਾਂਡ ਦੀ ਤਾਇਨਾਤੀ 2023 ਵਿਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ’ਚ ਬਹੁਤ ਘੱਟ ਤਰੱਕੀ ਹੋਈ ਹੈ ਕਿਉਂਕਿ ਦੋਵੇਂ ਧਿਰਾਂ ਸਰਹੱਦ ’ਤੇ ਅਪਣੇ-ਅਪਣੇ ਇਲਾਕਿਆਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਭਾਰਤ ਦਾ ਕਹਿਣਾ ਹੈ ਕਿ ਚੀਨ ਨਾਲ ਉਸ ਦੇ ਸਬੰਧ ਉਦੋਂ ਤਕ ਆਮ ਨਹੀਂ ਹੋ ਸਕਦੇ ਜਦੋਂ ਤਕ ਸਰਹੱਦੀ ਖੇਤਰਾਂ ’ਚ ਸ਼ਾਂਤੀ ਨਹੀਂ ਹੁੰਦੀ। ਰੀਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਕੋਲ 500 ਤੋਂ ਵੱਧ ਸਰਗਰਮ ਪ੍ਰਮਾਣੂ ਹਥਿਆਰ ਹਨ ਅਤੇ ਇਹ ਸੰਭਾਵਤ ਤੌਰ ’ਤੇ 2030 ਤਕ 1,000 ਤੋਂ ਵੱਧ ਹੋ ਜਾਣਗੇ।