
ਕਈ ਭਾਰਤੀਆਂ ਨੂੰ ਯੂਕਰੇਨ ਨਾਲ ਲਗਦੀ ਰੂਸੀ ਸਰਹੱਦ ਦੇ ਕੁੱਝ ਇਲਾਕਿਆਂ ’ਚ ਲੜਨ ਲਈ ਮਜਬੂਰ ਹੋਣਾ ਪਿਆ
ਨਵੀਂ ਦਿੱਲੀ: ਭਾਰਤ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਰੂਸੀ ਫੌਜ ’ਚ ਸਹਾਇਕ ਕਰਮਚਾਰੀਆਂ ਦੇ ਤੌਰ ’ਤੇ ਕੰਮ ਕਰ ਰਹੇ ਭਾਰਤੀਆਂ ਦੀ ਜਲਦੀ ਰਿਹਾਈ ਲਈ ਮਾਸਕੋ ਦੇ ਸੰਪਰਕ ’ਚ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਯੂਕਰੇਨ ਦੇ ਸੰਘਰਸ਼ ਵਾਲੇ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦੀ ਇਹ ਟਿਪਣੀ ਉਨ੍ਹਾਂ ਰੀਪੋਰਟਾਂ ਤੋਂ ਬਾਅਦ ਆਈ ਹੈ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਕੁੱਝ ਭਾਰਤੀ ਸੰਘਰਸ਼ ਵਾਲੇ ਖੇਤਰ ’ਚ ਰੂਸੀ ਫੌਜ ਦੇ ਸਹਿਯੋਗੀ ਕਰਮਚਾਰੀਆਂ ਦੇ ਤੌਰ ’ਤੇ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਕੁੱਝ ਭਾਰਤੀ ਨਾਗਰਿਕ ਰੂਸੀ ਫੌਜ ’ਚ ਸਹਾਇਕ ਕਰਮਚਾਰੀ ਦੇ ਤੌਰ ’ਤੇ ਕੰਮ ਕਰ ਰਹੇ ਹਨ।’’ ਉਨ੍ਹਾਂ ਕਿਹਾ ਕਿ ਮਾਸਕੋ ਵਿਚ ਭਾਰਤੀ ਦੂਤਘਰ ਨਿਯਮਿਤ ਤੌਰ ’ਤੇ ਉਸ ਨੂੰ ਛੁੱਟੀ ਦੇਣ ਦਾ ਮਾਮਲਾ ਸਬੰਧਤ ਰੂਸੀ ਅਧਿਕਾਰੀਆਂ ਕੋਲ ਉਠਾਉਂਦਾ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਭਾਰਤੀ ਨਾਗਰਿਕਾਂ ਨੂੰ ਉਚਿਤ ਸਾਵਧਾਨੀ ਵਰਤਣ ਅਤੇ ਇਸ ਸੰਘਰਸ਼ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ।’’
ਮੀਡੀਆ ਰੀਪੋਰਟਾਂ ਮੁਤਾਬਕ ਕਈ ਭਾਰਤੀ ਰੂਸੀ ਫੌਜ ’ਚ ਸੁਰੱਖਿਆ ਸਹਾਇਕ ਦੇ ਤੌਰ ’ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਯੂਕਰੇਨ ਨਾਲ ਲਗਦੀ ਰੂਸੀ ਸਰਹੱਦ ਦੇ ਕੁੱਝ ਇਲਾਕਿਆਂ ’ਚ ਲੜਨ ਲਈ ਮਜਬੂਰ ਹੋਣਾ ਪਿਆ ਹੈ।
ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਿਮੀਨ (ਏ.ਆਈ.ਐਮ.ਆਈ.ਐਮ.) ਦੇ ਨੇਤਾ ਅਸਦੁਦੀਨ ਓਵੈਸੀ ਨੇ ਵਿਦੇਸ਼ ਮੰਤਰਾਲੇ ਨੂੰ ਭਾਰਤੀਆਂ ਨੂੰ ਬਚਾਉਣ ਦੀ ਅਪੀਲ ਕੀਤੀ ਸੀ। ਓਵੈਸੀ ਨੇ ਬੁਧਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਐਸ. ਜੈਸ਼ੰਕਰ ਨੂੰ ਉਨ੍ਹਾਂ ਲੋਕਾਂ ਨੂੰ ਘਰ ਲਿਆਉਣ ਲਈ ਅਪਣੇ ਅਹੁਦੇ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਜਾਨ ਖਤਰੇ ’ਚ ਹੈ ਅਤੇ ਉਨ੍ਹਾਂ ਦੇ ਪਰਵਾਰਾਂ ਦੀਆਂ ਚਿੰਤਾਵਾਂ ਜਾਇਜ਼ ਹਨ।’’