
21 ਫ਼ਰਵਰੀ ਨੂੰ ਵਿਦਿਆਰਥੀਆਂ ਨੇ ਖੇਡੀ ਸੀ ਹੋਲੀ
ਪਾਕਿਸਤਾਨ ਦੀ ਦਾਊਦ ਯੂਨੀਵਰਸਿਟੀ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਕਰਾਚੀ ਵਿਚ ਹੋਲੀ ਖੇਡਣ ਨੂੰ ਲੈ ਕੇ ਹਿੰਦੂ ਅਤੇ ਮੁਸਲਿਮ ਵਿਦਿਆਰਥੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। 21 ਫ਼ਰਵਰੀ ਨੂੰ ਯੂਨੀਵਰਸਿਟੀ ਕੈਂਪਸ ਵਿਚ ਦੋਵਾਂ ਭਾਈਚਾਰਿਆਂ ਦੇ ਕੁਝ ਵਿਦਿਆਰਥੀਆਂ ਨੇ ਹੋਲੀ ਦਾ ਤਿਉਹਾਰ ਮਨਾਇਆ। ਇਸ ਦੀਆਂ ਕੁਝ ਵੀਡੀਉਜ਼ ਵੀ ਸਾਹਮਣੇ ਆਈਆਂ ਹਨ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਹੋਲੀ ਖੇਡਣ ਵਾਲੇ ਵਿਦਿਆਰਥੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਉਨ੍ਹਾਂ ਦੇ ਕੈਂਪਸ ਵਿਚ ਦਾਖ਼ਲੇ ’ਤੇ ਵੀ ਰੋਕ ਲਗਾ ਦਿਤੀ ਹੈ। ਨਾਲ ਹੀ ਵਿਦਿਆਰਥੀਆਂ ਨੂੰ 24 ਫ਼ਰਵਰੀ ਨੂੰ ਆਪਣੇ ਮਾਪਿਆਂ ਨਾਲ ਯੂਨੀਵਰਸਿਟੀ ਪਹੁੰਚਣ ਲਈ ਕਿਹਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਲੈ ਕੇ ਸਖਤ ਰੁਖ ਅਖ਼ਤਿਆਰ ਕਰ ਲਿਆ ਹੈ।
ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚੋਂ ਕੱਢਣ ਦੀ ਚਿਤਾਵਨੀ ਦਿਤੀ ਗਈ ਹੈ। ਇਸਲਾਮਿਕ ਕੱਟੜਪੰਥੀਆਂ ਨੇ ਹੋਲੀ ਖੇਡਦੇ ਹੋਏ ਹਿੰਦੂ ਵਿਦਿਆਰਥੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਕੁਝ ਕੱਟੜਪੰਥੀਆਂ ਨੇ ਨਾ ਸਿਰਫ਼ ਹਿੰਦੂ ਵਿਦਿਆਰਥੀਆਂ ਦੇ ਧਾਰਮਕ ਤਿਉਹਾਰ ਦਾ ਅਪਮਾਨ ਕੀਤਾ ਸਗੋਂ ਉਨ੍ਹਾਂ ਨੂੰ ਭਵਿੱਖ ਵਿਚ ਅਜਿਹੀ ਕਿਸੇ ਵੀ ਘਟਨਾ ਤੋਂ ਦੂਰ ਰਹਿਣ ਦੀ ਧਮਕੀ ਵੀ ਦਿੱਤੀ।
ਯੂਨੀਵਰਸਿਟੀ ਵਲੋਂ 21 ਫ਼ਰਵਰੀ ਨੂੰ ਓਮਪ੍ਰਕਾਸ਼ ਨਾਂ ਦੇ ਵਿਦਿਆਰਥੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਨੋਟਿਸ ’ਚ ਲਿਖਿਆ ਹੈ- ‘21 ਫਰਵਰੀ, 2025 ਨੂੰ ਤੁਸੀਂ ਯੂਨੀਵਰਸਿਟੀ ਕੈਂਪਸ ’ਚ ‘ਤੁਹਾਂਜੋ ਦੇਸ਼, ਮੁਹੂੰਜੋ ਦੇਸ਼ ਸਿੰਧੂ ਦੇਸ਼’ ਵਰਗੇ ਰਾਜ ਵਿਰੋਧੀ ਨਾਹਰੇ ਲਗਾ ਕੇ ਵਿਦਿਅਕ ਮਾਹੌਲ ਨੂੰ ਖ਼ਰਾਬ ਕਰ ਦਿਤਾ ਸੀ। ਇਹ ਯੂਨੀਵਰਸਿਟੀ ਦੇ ਵਿਦਿਆਰਥੀ ਆਚਰਣ ਅਤੇ ਅਨੁਸ਼ਾਸਨ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ।
ਇਸ ਗੰਭੀਰ ਮਾਮਲੇ ਦੇ ਮੱਦੇਨਜ਼ਰ ਯੂਨੀਵਰਸਿਟੀ ਦੀ ਅਨੁਸ਼ਾਸਨੀ ਕਮੇਟੀ ਦੇ ਅੰਤਮ ਫ਼ੈਸਲੇ ਤਕ ਯੂਨੀਵਰਸਿਟੀ ਕੰਪਲੈਕਸ ਵਿਚ ਤੁਹਾਡੇ ਦਾਖਲੇ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਤੁਸੀਂ, ਆਪਣੇ ਮਾਤਾ-ਪਿਤਾ ਦੇ ਨਾਲ, ਸੋਮਵਾਰ, 24 ਫਰਵਰੀ 2025 ਨੂੰ ਦੁਪਹਿਰ 3 ਵਜੇ, ਵਾਈਸ ਚਾਂਸਲਰ ਦਫਤਰ, ਦਾਊਦ ਯੂਨੀਵਰਸਿਟੀ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ, ਕਰਾਚੀ ਵਿਖੇ ਸਥਿਤ ਕਾਨਫਰੰਸ ਰੂਮ ਵਿਚ ਅਨੁਸ਼ਾਸਨੀ ਕਮੇਟੀ ਦੇ ਸਾਹਮਣੇ ਪੇਸ਼ ਹੋਵੋ।
ਵਿਵਾਦ ਤੋਂ ਬਾਅਦ ਯੂਨੀਵਰਸਿਟੀ ਦੇ ਬੁਲਾਰੇ ਖ਼ੁਰਰਮ ਸ਼ਹਿਜ਼ਾਦ ਨੇ ਕਿਹਾ ਸੀ ਕਿ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਲਾਅਨ ਵਿਚ ਹੋਲੀ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਨ੍ਹਾਂ ਨੂੰ ਅੰਦਰ ਹੋਲੀ ਖੇਡਣ ਲਈ ਕਿਹਾ ਗਿਆ।